
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਨੇ 22 ਜਨਵਰੀ ਨੂੰ ਆਪਣੇ ਵਿਆਹ ਦੇ 13 ਸਾਲ ਪੂਰੇ ਕੀਤੇ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਵਿਆਹ ਦੀ 13ਵੀਂ ਵ੍ਹਰੇਗੰਢ ਸ਼ਾਂਤੀਪੂਰਨ ਰਹੀ। ਇਸ ਦਿਨ ਨਾ ਕੋਈ ਖਾਸ ਸਮਾਰੋਹ ਹੋਇਆ ਅਤੇ ਨਾ ਰਾਸ਼ਟਰਪਤੀ ਟਰੰਪ ਅਤੇ ਮੇਲਾਨਿਆ ਨੇ ਨਿੱਜੀ ਤੌਰ 'ਤੇ ਕਿਸੇ ਤਰ੍ਹਾਂ ਦਾ ਜਸ਼ਨ ਮਨਾਇਆ।
ਟਰੰਪ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਵੀ ਨਹੀਂ ਆਇਆ, ਨਾ ਹੀ ਉਨ੍ਹਾਂ ਦੇ ਫੇਸਬੁੱਕ ਅਤੇ ਟਵਿੱਟਰ ਹੈਂਡਲ 'ਤੇ ਆਪਣੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਤਸਵੀਰ ਅਪਲੋਡ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨਿਆ ਟਰੰਪ ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ, ਪਰ ਆਪਣੇ ਵਿਆਹ ਦੀ ਵਰ੍ਹੇਗੰਢ ਨੂੰ ਲੈ ਕੇ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਨਹੀਂ ਕੀਤੀ, ਜਦ ਕਿ ਇਸ ਪੂਰੇ ਹਫਤੇ ਚੱਲੇ ਅਮਰੀਕੀ ਸ਼ਟਡਾਊਨ ਬਾਰੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਟਵੀਟ ਕੀਤੇ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਫਰਸਟ ਅਮਰੀਕੀ ਕਪਲ ਨੂੰ ਸੋਮਵਾਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਦਿਨ ਕਿਸੇ ਨੇ ਖਾਸ ਡਿਨਰ ਜਾਂ ਲੰਚ ਲਈ ਜਾਂਦੇ ਨਹੀਂ ਦੇਖਿਆ।
ਇਸ ਤੋਂ ਪਹਿਲਾਂ ਇਕ ਨਿਊਜ਼ ਚੈਨਲ ਨੇ ਖਬਰ ਦਿੱਤੀ ਸੀ ਕਿ ਮੰਗਲਵਾਰ ਨੂੰ ਮੇਲਾਨਿਆ ਆਪਣੇ ਪਤੀ ਟਰੰਪ ਨਾਲ ਦਾਵੋਸ 'ਚ ਹੋ ਰਹੇ ਵਰਲਡ ਇਕੋਨਾਮਿਕ ਫੋਰਮ 'ਚ ਸ਼ਾਮਲ ਹੋਣ ਲਈ ਨਹੀਂ ਜਾਏਗੀ। ਸ਼ਟਡਾਊਨ ਕਾਰਨ ਸੋਮਵਾਰ ਤੱਕ ਟਰੰਪ ਦੀ ਯਾਤਰਾ ਰੋਕ ਦਿੱਤੀ ਗਈ ਸੀ, ਪਰ ਬਾਅਦ 'ਚ ਇਸ ਦਾ ਹੱਲ ਕੱਢ ਲਿਆ ਗਿਆ। ਵ੍ਹਾਈਟ ਹਾਊਸ ਨੇ ਮੰਗਲਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੰਪ ਬੁੱਧਵਾਰ ਸ਼ਾਮ ਸੰਸਾਰ ਪੱਧਰ ਦੇ ਇਸ ਸਮਾਗਮ ਭਾਗ ਲੈਣ ਲਈ ਦਾਵੋਸ ਰਵਾਨਾ ਹੋਣਗੇ, ਜਿੱਥੇ ਸ਼ੁੱਕਰਵਾਰ ਤੋਂ ਬਾਅਦ ਉਹ ਵਾਪਸ ਅਮਰੀਕਾ ਪਰਤ ਆਉਣਗੇ।