
ਟੋਰਾਂਟੋ/ਵੈਨਕੂਵਰ, 2 ਅਕਤੂਬਰ (ਬਰਾੜ ਭਗਤਾ ਭਾਈਕਾ): ਕੈਨੇਡਾ ਦੀ ਸਿਆਸਤ ਵਿਚ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ ਨੂੰ ਅਹਿਮ ਅਹੁਦਾ ਮਿਲਿਆ ਹੈ। ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦਾ ਮੁਖੀ ਚੁਣਿਆ ਗਿਆ ਹੈ। ਜਗਮੀਤ ਸਿੰਘ ਅਜਿਹਾ ਪਹਿਲਾ ਘੱਟਗਿਣਤੀ ਸਿਆਸਤਦਾਨ ਹੈ ਜਿਹੜਾ ਕੈਨੇਡਾ ਦੀ ਮੁੱਖ ਸਿਆਸੀ ਪਾਰਟੀ ਦੀ ਅਗਵਾਈ ਕਰੇਗਾ।
ਪੇਸ਼ੇ ਤੋਂ ਵਕੀਲ ਜਗਮੀਤ ਸਿੰਘ ਸਾਲ 2019 ਵਿਚ ਕੈਨੇਡਾ 'ਚ ਹੋਣ ਵਾਲੀਆਂ ਆਮ ਚੋਣਾਂ ਵਿਚ ਲਿਬਲਰ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁਧ ਪਾਰਟੀ ਦੀ ਅਗਵਾਈ ਕਰਨਗੇ।
ਜਗਮੀਤ ਸਿੰਘ ਨੇ ਚੋਣਾਂ ਵਿਚ ਅਪਣੇ ਤਿੰਨ ਵਿਰੋਧੀਆਂ ਨੂੰ ਹਰਾ ਕੇ 53.6 ਫ਼ੀ ਸਦੀ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਤੋਂ ਬਾਅਦ ਟਵੀਟ ਕਰਦਿਆਂ ਜਗਮੀਤ ਸਿੰਘ ਨੇ ਡੈਮੋਕ੍ਰੇਟਿਕ ਪਾਰਟੀ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਹੁਣ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਅਧਿਕਾਰਤ ਤੌਰ 'ਤੇ ਅਪਣੀ ਮੁਹਿੰਮ ਸ਼ੁਰੂ ਕਰ ਰਹੇ ਹਨ। ਜਗਮੀਤ ਸਿੰਘ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਮੁੜ ਤੋਂ ਮਜ਼ਬੂਤ ਕਰਨਾ ਵੱਡੀ ਚੁਨੌਤੀ ਹੋਵੇਗੀ ਕਿਉਂਕਿ ਸਾਲ 2015 ਵਿਚ ਹੋਈਆਂ ਚੋਣਾਂ ਵਿਚ ਪਾਰਟੀ ਨੂੰ 59 ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵੇਲੇ ਨਿਊ ਡੈਮੋਕ੍ਰੇਟਿਕ ਪਾਰਟੀ ਕੈਨੇਡਾ ਦੀ ਸੰਸਦ ਵਿਚ 338 ਸੀਟਾਂ ਵਿਚੋਂ 44 ਸੀਟਾਂ ਨਾਲ ਤੀਜੇ ਨੰਬਰ 'ਤੇ ਹੈ। ਇਸ ਪਾਰਟੀ ਨੂੰ ਹਾਲੇ ਤਕ ਕੈਨੇਡਾ ਵਿਚ ਸੱਤਾ ਦਾ ਮਾਣ ਨਹੀਂ ਮਿਲ ਸਕਿਆ। ਸਾਲ 2011 ਦੀਆਂ ਆਮ ਚੋਣਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਮਜ਼ਬੂਤੀ ਨਾਲ ਉਭਰੀ ਸੀ ਅਤੇ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਕਾਫ਼ੀ ਘੱਟ ਵੋਟਾਂ ਗਵਾਉਣੀਆਂ ਪਈਆਂ ਸਨ ਅਤੇ ਚਾਰ ਸਾਲ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਵੋਟਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮਿਲੀਆਂ ਸਨ।
ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਵਾਤਾਵਰਣ ਬਦਲਾਅ, ਸਵਦੇਸ਼ੀ ਲੋਕਾਂ ਨਾਲ ਸੁਲ੍ਹਾ ਅਤੇ ਚੋਣ ਸੁਧਾਰਾਂ ਦੇ ਮਾਮਲਿਆਂ ਵਲ ਰਹੇਗਾ। ਅਪਣੀ ਮੁਹਿੰਮ ਦੌਰਾਨ ਜਗਮੀਤ ਸਿੰਘ ਨੇ ਅਪਣੇ ਵਿਰੋਧੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਪੈਸਾ ਇਕੱਠਾ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਸ ਨੂੰ ਇਕ ਸਫ਼ਲ ਲੀਡਰ ਵਾਂਗ ਜਾਰੀ ਰੱਖ ਸਕਣਗੇ। ਜਗਮੀਤ ਸਿੰਘ ਨੂੰ
ਰੰਗਦਾਰ ਪੱਗਾਂ ਬੰਨ੍ਹਣ ਦਾ ਬਹੁਤ ਸ਼ੌਕ ਹੈ।
ਜਗਮੀਤ ਸਿੰਘ ਦਾ ਜਨਮ ਸਾਲ 1979 ਵਿਚ ਉਂਟਾਰੀਉ ਦੇ ਸਕਾਰਬੋਰੋ ਵਿਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਪੰਜਾਬ ਤੋਂ ਕੈਨੇਡਾ ਗਏ ਸਨ। ਸਾਲ 2001 ਵਿਚ ਜਗਮੀਤ ਸਿੰਘ ਨੇ ਪਛਮੀ ਉਂਟਾਰੀਉ ਦੀ ਯੂਨੀਵਰਸਟੀ ਤੋਂ ਬਾਇਉਲਾਜੀ ਵਿਚ ਡਿਗਰੀ ਹਾਸਲ ਕੀਤੀ ਅਤੇ ਸਾਲ 2005 ਵਿਚ ਲਾਅ
ਦੀ ਡਿਗਰੀ ਹਾਸਲ ਕਰ ਕੇ ਵਕੀਲ ਬਣੇ। ਸਿਆਸਤ ਵਿਚ ਆਉਣ ਤੋਂ ਪਹਿਲਾਂ ਜਗਮੀਤ ਸਿੰਘ ਅਪਰਾਧਕ ਬਚਾਅ ਪੱਖ ਦੇ ਕੇਸ ਲੜਦੇ ਸਨ। ਕੈਨੇਡਾ ਵਿਚ ਸਿੱਖਾਂ ਦੀ ਗਿਣਤੀ ਲਗਭਗ 1.4 ਫ਼ੀ ਸਦੀ ਹੈ। ਕੈਨੇਡਾ ਦਾ ਰਖਿਆ ਮੰਤਰੀ ਵੀ ਸਿੱਖ ਹੀ ਹੈ।