
ਆਕਲੈਂਡ - ਬੀਤੀ 12 ਨਵੰਬਰ ਨੂੰ ਆਪਣੇ ਘਰ 'ਚ ਕਤਲ ਕੀਤੀ ਗਈ ਭਾਰਤੀ, ਫਿਜੀ ਮੂਲ ਦੀ ਅਰਿਸ਼ਮਾ ਅਰਚਨਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰੋਹਿਤ ਦੀਪਕ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ ਖਾਰਜ ਕੀਤੇ ਹਨ। ਮੈਨੁਰੇਵਾ ਦੇ ਮੈਚ ਰੋਡ ਉਤੇ ਰਹਿੰਦੀ 24 ਸਾਲਾ ਅਰਿਸ਼ਮਾ ਅਰਚਨਾ ਸਿੰਘ ਦਾ ਉਸ ਦੇ ਘਰ ਵਿੱਚ ਹੀ ਅੱਧੀ ਰਾਤ ਕਤਲ ਕਰ ਦਿੱਤਾ ਗਿਆ। ਕਤਲ ਤੋਂ ਪਹਿਲਾਂ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਸੀ ਕਿ ਉਸ ਨੂੰ ਬਾਹਰ ਕੋਈ ਖਡ਼ਾਕ ਸੁਣ ਰਿਹਾ ਹੈ। ਕਤਲ ਦੀ ਜਾਂਚ ਪਡ਼ਤਾਲ ਬਾਅਦ ਪੁਲਿਸ ਨੇ ਫਲੈਟ ਬੁੱਸ਼ ਇਲਾਕੇ 'ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ।
ਅਦਾਲਤ ਨੇ ਉਸ ਦਾ ਨਾਂ ਜਨਤਕ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਫਡ਼ੇ ਗਏ ਵਿਅਕਤੀ ਦਾ ਨਾਂਅ ਰੋਹਿਤ ਦੀਪਕ ਸਿੰਘ ਹੈ। ਇਸ ਨੂੰ ਆਕਲੈਂਡ ਦੀ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਮਾਰਚ ਮਹੀਨੇ ਤੱਕ ਇਸ ਨੂੰ ਹਿਰਾਸਤ ਵਿੱਚ ਰੱਖਣ ਦਾ ਰਿਮਾਂਡ ਦਿੱਤਾ ਗਿਆ ਹੈ ਜਦ ਕਿ ਅਗਲੇ ਸਾਲ ਅਕਤੂਬਰ ਮਹੀਨੇ ਇਸ ਦਾ ਟ੍ਰਾਇਲ ਹੋਵੇਗਾ