
ਸਿਡਨੀ — ਬਠਿੰਡਾ ਦੇ ਜੇਸਨ ਸੰਘਾ ਅਗਲੇ ਮਹੀਨੇ ਨਿਊਜ਼ੀਲੈਂਡ 'ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਲਈ 15 ਮੈਂਬਰੀ ਆਸਟਰੇਲੀਆਈ ਟੀਮ ਦੀ ਅਗਵਾਈ ਕਰਨਗੇ, ਜਦਕਿ ਸਾਬਕਾ ਵਿਸ਼ਵ ਕੱਪ ਜੇਤੂ ਸਟੀਵ ਵਾਅ ਦੇ ਪੁੱਤਕ ਆਸਟਿਨ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਆਸਟਰੇਲੀਆਈ ਟੀਮ ਦੀ ਅਗਵਾਈ ਕਰਨ ਵਾਲੇ 18 ਸਾਲਾ ਸੰਘਾ ਪੰਜਾਬੀ ਮੂਲ ਦੇ ਪਹਿਲੇ ਕ੍ਰਿਕਟਰ ਹਨ। ਸੰਘਾ ਨੇ ਕਿਹਾ ਕਿ ਟੀਮ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਮੈਂ ਪਿਛਲੇ ਸਾਲ ਵਿਸ਼ਵ ਕੱਪ 'ਚ ਅੰਡਰ-19 ਆਸਟਰੇਲੀਆ ਟੀਮ 'ਚ ਸ਼ਾਮਲ ਸੀ। ਮੈਨੂੰ ਉਮੀਦ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਅਤੇ ਖਿਤਾਬ ਜਿੱਤਾਂਗੇ। ਸੰਘਾ ਦੇ ਪਿਤਾ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਹਨ। ਸੰਘਾ ਤੋਂ ਇਲਵਾ ਭਾਰਤੀ ਮੂਲ ਦੇ ਪਰਮ ਉਪਲ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਮਸ ਸਦਰਲੈਂਡ ਦੇ ਪੁੱਤਰ ਵਿਲ ਸਦਰਲੈਂਡ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਆਸਟਿਨ ਵਾਅ ਨੇ 2016 'ਚ ਅੰਡਰ-17 ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਇਸ ਸਾਲ ਸ਼੍ਰੀਲੰਕਾ ਦੇ ਨਾਲ ਅੰਡਰ-19 ਇਕ ਰੋਜ਼ਾ ਲੜੀ 'ਚ ਵੀ ਆਸਟਰੇਲੀਆਈ ਦੀ ਅਗਵਾਈ ਕੀਤੀ ਸੀ।
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਰੇਆਨ ਹੈਰਿਸ ਟੀਮ ਦੇ ਮੁੱਖ ਕੋਚ ਹੋਣਗੇ ਜਦਕਿ ਸਾਬਕਾ ਸਲਾਮੀ ਬੱਲੇਬਾਜ਼ ਕ੍ਰਿਸ ਰੋਜਰਸ ਕੋਚ ਦੀ ਭੂਮਿਕਾ 'ਚ ਹੋਣਗੇ। ਅੰਡਰ-19 ਵਿਸ਼ਵ ਕੱਪ 13 ਜਨਵਰੀ ਤੋਂ 3 ਫਰਵਰੀ ਦੇ ਵਿਚਾਲੇ ਨਿਊਜ਼ੀਲੈਂਡ 'ਚ ਖੇਡਿਆ ਜਾਵੇਗਾ। ਟੂਰਨਾਮੈਂਟ 'ਚ ਆਸਟਰੇਲੀਆ ਨੂੰ ਗਰੁੱਪ-ਬੀ 'ਚ ਰਖਿਆ ਗਿਆ ਹੈ, ਜਿਸ 'ਚ ਉਸ ਦਾ ਪਹਿਲਾ ਮੁਕਾਬਲਾ 14 ਜਨਵਰੀ ਨੂੰ ਭਾਰਤ ਦੇ ਖਿਲਾਫ ਹੋਵੇਗਾ।