
ਸਾਡਾ ਵਿਸ਼ਵਾਸ ਜੋੜਨ ਵਿਚ ਹੈ, ਤੋੜਨ ਵਿਚ ਨਹੀਂ
ਦਾਵੋਸ, 23 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਬਦਲਾਅ ਅਤੇ ਅਤਿਵਾਦ ਨੂੰ ਅੱਜ ਦੁਨੀਆਂ ਸਾਹਮਣੇ ਸੱਭ ਤੋਂ ਵੱਡੀ ਚਿੰਤਾ ਦਸਿਆ। ਇਥੇ ਵਿਸ਼ਵ ਆਰਥਕ ਮੰਚ (ਡਬਲਿਊਈਐਫ਼) ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤ ਦੀਆਂ ਆਰਥਕ ਨੀਤੀਆਂ ਵਿਚ ਸੁਧਾਰ ਲਈ ਅਪਣੀ ਸਰਕਾਰ ਦੁਆਰਾ ਚੁਕੇ ਗਏ ਕਦਮਾਂ ਅਤੇ ਦੇਸ਼ ਵਿਚ ਨਿਵੇਸ਼ ਦੇ ਬਿਹਤਰ ਮੌਕਿਆਂ ਬਾਰੇ ਦਸਿਆ। ਪ੍ਰਧਾਨ ਮੰਤਰੀ ਨੇ ਸੰਸਾਰ ਦੇ ਹਾਲਾਤ ਬਾਰੇ ਭਾਰਤ ਦਾ ਵਿਆਪਕ ਦ੍ਰਿਸ਼ਟੀਕੋਣ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ, ਅਤਿਵਾਦ ਅਤੇ ਦੇਸ਼ਾਂ ਦਾ ਆਤਮਕੇਂਦਰਤ ਹੋਣਾ ਤਿੰਨ ਵੱਡੀਆਂ ਚੁਨੌਤੀਆਂ ਹਨ। ਮੋਦੀ ਇਸ ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਨੇ ਕਿਹਾ ਕਿ ਅਤਿਵਾਦ ਖ਼ਤਰਨਾਕ ਹੈ ਪਰ ਚੰਗੇ ਅਤਿਵਾਦ ਅਤੇ ਬੁਰੇ ਅਤਿਵਾਦ ਵਿਚਕਾਰ ਸੂਖਮ ਭੇਦ ਪੈਦਾ ਕੀਤਾ ਜਾਣਾ ਓਨਾ ਹੀ ਖ਼ਤਰਨਾਕ ਹੈ। ਮੋਦੀ ਨੇ ਕਿਹਾ ਕਿ ਅਤਿਵਾਦ ਦੀ ਸਮੱਸਿਆ ਸਬੰਧੀ ਭਾਰਤ ਦੇ ਰੁਖ਼ ਬਾਰੇ ਸਾਰੇ ਜਾਣਦੇ ਹਨ, ਇਸ ਲਈ ਇਸ ਮੁੱਦੇ ਦੇ ਵਿਸਥਾਰ ਵਿਚ ਉਹ ਨਹੀਂ ਜਾਣਾ ਚਾਹੁੰਦੇ।
ਪ੍ਰਧਾਨ ਮੰਤਰੀ ਵਿਸ਼ਵ ਆਰਥਕ ਮੰਚ ਦੀ 48ਵੀਂ ਸਾਲਾਨਾ ਬੈਠਕ ਨੂੰ ਸੰਬੋਧਨ ਕਰਨ ਲਈ ਕਲ ਇਥੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਵਿਚ ਸ਼ਾਂਤੀ, ਸੁਰੱÎਖਿਆ ਦਾ ਮੁੱਦਾ ਕਾਫ਼ੀ ਗੰਭੀਰ ਚੁਨੌਤੀ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਜੋੜਨ ਵਿਚ ਵਿਸ਼ਵਾਸ ਹੈ, ਤੋੜਨ ਵਿਚ ਨਹੀਂ। ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਇਕ ਪਰਵਾਰ ਹੈ। ਭਾਰਤੀ ਅਰਥਚਾਰੇ ਵਿਚ ਵਾਧੇ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦਿਆਂ ਮੋਦੀ ਨੇ ਕਿਹਾ ਕਿ ਆਖ਼ਰੀ ਵਾਰ 1997 ਵਿਚ ਜਦ ਭਾਰਤੀ ਪ੍ਰਧਾਨ ਮੰਤਰੀ ਦਾਵੋਸ ਦੀ ਬੈਠਕ ਵਿਚ ਆਏ ਸਨ ਤਾਂ ਭਾਰਤ ਦਾ ਕੁਲ ਘਰੇਲੂ ਉਤਪਾਦ 400 ਅਰਬ ਡਾਲਰ ਤੋਂ ਥੋੜਾ ਜ਼ਿਆਦਾ ਸੀ ਤੇ ਹੁਣ ਛੇ ਗੁਣਾਂ ਤੋਂ ਜ਼ਿਆਦਾ ਵੱਧ ਚੁਕਾ ਹੈ। ਭਾਰਤ ਹੁਣ ਵਿਸ਼ਵਸ਼ਕਤੀ ਬਣਨ ਲਈ ਤਿਆਰ: ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਭਾਰਤ ਦੀਆਂ ਉਪਲਭਧੀਆਂ ਗਿਣਾਈਆਂ ਸਗੋਂ ਦੁਨੀਆਂ ਨੂੰ ਵੀ ਅਪਣੇ ਭਾਸ਼ਨ ਨਾਲ ਸੰਦੇਸ਼ ਦਿਤਾ। ਮੋਦੀ ਨੇ ਕਿਹਾ ਕਿ ਭਾਰਤ ਹੁਣ ਵਿਸ਼ਵਸ਼ਕਤੀ ਬਣਨ ਲਈ ਤਿਆਰ ਹੈ, ਭਾਰਤ ਦਾ ਅਰਥਚਾਰਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਦੇਸ਼ ਵਿਚ ਲਾਗੂ ਕੀਤੇ ਗਏ ਜੀਐਸਟੀ ਨੂੰ ਸਹੀ ਕਦਮ ਦਸਿਆ। ਮੋਦੀ ਨੇ ਮਹਾਤਮਾ ਗਾਂਧੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਦੁਨੀਆਂ ਦੇ ਸਾਰੇ ਦੇਸ਼ਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਦੂਜੇ ਦੇਸ਼ਾਂ ਨੂੰ ਨਿਵੇਸ਼ ਦਾ ਵੀ ਸੱਦਾ ਦਿਤਾ।
(ਏਜੰਸੀ)