
ਢਾਕਾ, 2 ਜਨਵਰੀ : ਬੰਗਲਾਦੇਸ਼ ਦੀ ਅਦਾਲਤ ਨੇ ਸਾਲ 2015 'ਚ ਬੱਸ ਉਤੇ ਬੰਬ ਹਮਲਾ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਮੁਖੀ ਖਾਲਿਦਾ ਜਿਆ ਦੀ ਗ੍ਰਿਫ਼ਤਾਰੀ ਦਾ ਆਦੇਸ਼ ਦਿਤਾ ਹੈ। ਇਸ ਬੰਬ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ।ਇਕ ਅਧਿਕਾਰੀ ਨੇ ਦਸਿਆ ਕਿ ਕੋਮਿਲਾ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਜੱਜ ਜੋਯਨਾਬ ਬੇਗਮ ਨੇ ਮੰਗਲਵਾਰ ਨੂੰ ਇਸ ਮਾਮਲੇ 'ਚ ਦੋਸ਼ ਪੱਤਰ ਮਨਜੂਰ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਖਾਲਿਦਾ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ। ਬੀ.ਐਨ.ਪੀ. ਨੇ ਸਾਲ 2014 'ਚ ਅਵਾਮੀ ਲੀਗ ਸਰਕਾਰ ਤਹਿਤ ਹੋਈ ਚੋਣ ਦਾ ਬਾਈਕਾਟ ਕੀਤਾ ਸੀ। ਚੋਣ ਦੇ ਇਕ ਸਾਲ ਪੂਰੇ ਹੋਣ 'ਤੇ ਸਾਲ 2015 'ਚ ਉਸ ਨੇ ਵਿਰੋਧ ਵਜੋਂ ਚੱਕਾ ਜਾਮ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਕੋਮਿਲਾ ਜ਼ਿਲ੍ਹਾ 'ਚ ਬੱਸ 'ਤੇ ਪਟਰੌਲ ਬੰਬ ਨਾਲ ਹਮਲਾ ਕੀਤਾ ਗਿਆ। ਤਿੰਨ ਸਾਲ ਪਹਿਲਾਂ ਹੋਈ ਹਿੰਸਾ ਨੂੰ ਲੈ ਕੇ ਖਾਲਿਦਾ ਵੱਖ-ਵੱਖ ਅਦਾਲਤਾਂ 'ਚ ਇਸੇ ਤਰ੍ਹਾਂ ਦੇ ਦੋਸ਼ ਦਾ ਸਾਹਮਣਾ ਕਰ ਰਹੀ ਹੈ। ਹਿੰਸਾ 'ਚ ਲਗਭਗ 125 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਸਾਂ ਤੇ ਟਰੱਕਾਂ ਨੂੰ ਅੱਗ ਲਗਾ ਦਿਤੀ ਗਈ ਸੀ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਅਤੇ ਦੇਸ਼ਧ੍ਰੋਹ ਦੇ ਦੋਸ਼ ਦਾ ਵੀ ਸਾਹਮਣਾ ਕਰ ਰਹੀ ਹੈ। (ਪੀਟੀਆਈ)