
ਵਾਸ਼ਿੰਗਟਨ, 28 ਸਤੰਬਰ :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦਾ ਇਕ ਨਵਾਂ ਚਿਹਰਾ ਵੇਖਣ ਨੂੰ ਮਿਲਿਆ।
ਅਪਣੀ ਵੱਡੀ ਬੇਟੀ ਮਾਲੀਆ ਉਬਾਮਾ ਨੂੰ ਉਸ ਦੇ ਕਾਲਜ ਛੱਡਣ ਸਮੇਂ ਉਹ ਕਾਫੀ ਭਾਵੁਕ ਨਜ਼ਰ ਆ
ਰਹੇ ਸਨ। ਵਿਲਮਿੰਗਟਨ ਡੇਲਾਮੇਅਰ 'ਚ ਇਕ ਕਲੱਬ ਵਿਖੇ ਸੰਬੋਧਤ ਕਰਨ ਸਮੇਂ ਉਨ੍ਹਾਂ ਨੇ
ਅਪਣਾ ਅਨੁਭਵ ਸਾਂਝਾ ਕੀਤਾ।
ਬੀਊ ਬਿਡੇਨ ਫ਼ਾਊਂਡੇਸ਼ਨ ਦੇ ਪ੍ਰੋਗਰਾਮ ਵਿਚ ਬੋਲਦੇ ਹੋਏ
ਬਰਾਕ ਉਬਾਮਾ ਨੇ ਕਿਹਾ, ''ਜਿਨ੍ਹਾਂ ਦੀਆਂ ਧੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਪਤਾ ਹੁੰਦਾ
ਹੈ ਕਿ ਉਹ ਕਾਫ਼ੀ ਜਲਦੀ ਵੱਡੀਆਂ ਹੋ ਜਾਂਦੀਆਂ ਹਨ। ਮੈਂ ਜੋਈ ਅਤੇ ਜਿਲ ਬਿਡੇਨ ਨੂੰ ਦੱਸ
ਰਿਹਾ ਸੀ ਕਿ ਜਦੋਂ ਮੈਂ ਮਾਲੀਆ ਨੂੰ ਕਾਲਜ ਛਡਿਆ ਤਾਂ ਅਜਿਹਾ ਲੱਗਾ ਕਿ ਮੈਂ ਓਪਨ ਹਾਰਟ
ਸਰਜਰੀ ਕਰਵਾ ਰਿਹਾ ਹਾਂ ਅਤੇ ਮੈਂ ਇਸ ਗੱਲ ਲਈ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਦੇ
ਸਾਹਮਣੇ ਰੋਇਆ ਨਹੀਂ। ਹਾਲਾਂਕਿ ਉਸ ਨੂੰ ਛੱਡ ਕੇ ਵਾਪਸ ਆਉਂਦੇ ਸਮੇਂ ਮੈਂ ਅਪਣੇ ਹੰਝੂ
ਨਹੀਂ ਰੋਕ ਸਕਿਆ।''
ਬਰਾਕ ਉਬਾਮਾ ਇਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਉਹ ਇਸ
ਗੱਲ ਨੂੰ ਮਰਦੇ ਦਮ ਤਕ ਯਾਦ ਰੱਖਣਗੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਚਾਹੇ ਹੀ ਅਸੀਂ ਕਾਫ਼ੀ
ਕੁੱਝ ਹਾਸਲ ਕੀਤਾ ਹੈ, ਪਰ ਜੀਵਨ ਦੇ ਅੰਤਮ ਦਿਨਾਂ ਵਿਚ ਉਹੀ ਗੱਲਾਂ ਯਾਦ ਰਹਿ ਪਾਉਂਦੀਆਂ
ਹਨ, ਜਿਨ੍ਹਾਂ 'ਚ ਬੱਚਿਆਂ ਦੀਆਂ ਖ਼ੁਸ਼ੀਆਂ ਸ਼ਾਮਲ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ
ਬਰਾਕ ਅਤੇ ਮਿਸ਼ੇਲ ਉਬਾਮਾ ਅਪਣੀ ਦੋਵਾਂ ਧੀਆਂ ਨਾਲ ਬਹੁਤ ਪਿਆਰ ਕਰਦੇ ਹਨ। ਮਾਲੀਆ ਨੇ
ਹਾਰਵਰਡ ਵਿਚ ਦਾਖ਼ਲਾ ਲਿਆ ਹੈ, ਉਥੇ ਹੀ ਸਾਸ਼ਾ ਅਜੇ ਹਾਈ ਸਕੂਲ ਵਿਚ ਹੈ। ਸਾਸ਼ਾ ਉਸ ਸਮੇਂ
ਖ਼ਬਰਾਂ ਵਿਚ ਆਈ ਸੀ ਜਦੋਂ ਉਸ ਨੂੰ ਇਕ ਰੈਸਟਰੋਰੈਂਟ ਵਿਚ ਕੰਮ ਕਰਦੇ ਹੋਏ ਵੇਖਿਆ ਗਿਆ ਸੀ।
ਉਬਾਮਾ ਨੇ ਵਿਦਾਈ ਭਾਸ਼ਣ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਸਾਸ਼ਾ ਅਤੇ ਮਾਲੀਆ ਦੇ ਪਿਤਾ
ਹੋਣ 'ਤੇ ਮਾਣ ਹੈ। (ਪੀਟੀਆਈ)