
ਯੂ. ਕੇ. ਦੇ ਆਕਸਫੋਰਡ ਦੇ ਰਹਿਣ ਵਾਲੇ 100 ਲੋਕਾਂ ਨੇ ਇਕ ਅਧਿਐਨ ਦੇ ਹਿੱਸੇ ਵਜੋਂ ਜ਼ਿੰਦਾ ਟਾਇਫਾਈਡ ਬੈਕਟੀਰੀਆ ਨਿਗਲ ਲਏ। ਉਨ੍ਹਾਂ ਦਾ ਉਦੇਸ਼ ਭਾਰਤ ਲਈ ਤਿਆਰ ਹੋਏ ਟਾਇਫਾਈਡ ਟੀਕੇ ਦੀ ਸਫਲਤਾ ਲਈ ਰਸਤਾ ਸਾਫ ਕਰਨਾ ਸੀ। ਇਸ ਟੀਕੇ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੇਕ ਕੰਪਨੀ ਨੇ ਤਿਆਰ ਕੀਤਾ ਹੈ। ਇਸ ਟੀਕੇ ਨੂੰ ਦਸੰਬਰ 2017 ਵਿਚ 'ਵਰਲਡ ਹੈਲਥ ਓਰਗੇਨਾਈਜੇਸ਼ਨ' ਨੇ ਯੋਗ ਐਲਾਨ ਕਰ ਦਿੱਤਾ ਸੀ ਅਤੇ ਹੁਣ ਇੰਟਰਨੈਸ਼ਨਲ ਵੈਕਸੀਨ ਅਲਾਇੰਸ GAVI ਇਸ ਦਾ ਪਰੀਖਣ ਕਰ ਰਹੀ ਹੈ।
ਇਹ ਟੀਕਾ 6 ਮਹੀਨੇ ਦੇ ਬੱਚੇ ਨੂੰ ਵੀ ਲਗਾਇਆ ਜਾ ਸਕਦਾ ਹੈ। ਇਸ ਤੋ ਪਹਿਲਾਂ ਟਾਇਫਾਈਡ ਦੇ ਜਿੰਨੇ ਵੀ ਟੀਕੇ ਤਿਆਰ ਕੀਤੇ ਗਏ ਹਨ, ਉਨ੍ਹਾਂ ਨੂੰ 2 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹੀ ਲਗਾਇਆ ਜਾ ਸਕਦਾ ਹੈ। ਇਸ ਟੀਕੇ ਦੀ ਤਾਕਤ ਨੂੰ ਪਰਖਣ ਲਈ ਭਾਰਤ ਬਾਇਓਟੇਕ ਨੇ ਭਾਰਤ ਵਿਚ ਇਸ ਦਾ ਕਲੀਨਿਕਲ ਟੈਸਟ ਕਰਨ ਦੇ ਨਾਲ ਆਕਸਫੋਰਡ ਵਿਚ 'ਮਨੁੱਖੀ ਚੁਣੌਤੀ ਅਧਿਐਨ' (ਹਿਊਮਨ ਚੈਲੇਂਜ ਸਟੱਡੀ) ਵੀ ਕੀਤਾ। ਭਾਰਤ ਬਾਇਓਟੇਕ ਕੰਪਨੀ ਦੇ ਬਾਨੀ ਅਤੇ ਐੱਮ. ਡੀ. ਡਾਕਟਰ ਕ੍ਰਿਸ਼ਨਾ ਐਲਾ ਮੁਤਾਬਕ ਕਿਸੇ ਵੀ ਭਾਰਤੀ ਕੰਪਨੀ ਲਈ ਇਹ ਇਕ ਵੱਡੀ ਪ੍ਰਾਪਤੀ ਹੈ।
GAVI ਮੁਤਾਬਕ WHO ਨੇ ਇਸ ਦਵਾਈ ਨੂੰ ਐਕਵਾਇਰ ਕਰਨ ਲਈ 85 ਮਿਲੀਅਨ ਡਾਲਰ ਦੀ ਕੀਮਤ ਲਗਾਈ ਹੈ। ਐਲਾ ਦਾ ਕਹਿਣਾ ਹੈ ਕਿ ਇਹ ਕੀਮਤ ਹਾਲੇ ਹੋਰ ਵੱਧ ਸਕਦੀ ਹੈ। ਟਾਇਫਾਈਡ ਸਲਮੋਨੇਲਾ ਸੇਰੋਵਰ ਟਾਇਫੀ ਬੈਕਟੀਰੀਆ ਨਾਲ ਹੁੰਦਾ ਹੈ ਅਤੇ ਮੁੱਖ ਤੌਰ 'ਤੇ ਖਰਾਬ ਪਾਣੀ ਨਾਲ ਫੈਲਦਾ ਹੈ। ਕਈ ਮਾਮਲਿਆਂ ਵਿਚ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਅਤੇ ਕਈ ਮਾਮਲਿਆਂ ਵਿਚ ਲੰਬੇ ਸਮੇਂ ਤੱਕ ਇੰਟੈਸਟਾਈਨ ਨਾਲ ਜੁੜੀ ਸਮੱਸਿਆ ਆਉਂਦੀ ਹੈ। ਇਸ ਟੀਕੇ ਨੂੰ ਬਣਾਉਣ ਦੀ ਪ੍ਰਕਿਰਿਆ ਸਾਲ 2001 ਵਿਚ ਸ਼ੁਰੂ ਹੋਈ ਸੀ। ਇਹ ਟੀਕਾ 6 ਮਹੀਨੇ ਤੋਂ 65 ਸਾਲ ਦੀ ਉਮਰ ਤੱਕ ਕਿਸੇ ਵੀ ਵਿਅਕਤੀ ਨੂੰ ਟਾਇਫਾਈਡ ਤੋਂ ਬਚਾ ਸਕਦਾ ਹੈ।
ਇਸ ਤਰ੍ਹਾਂ ਕੰਮ ਕਰੇਗਾ ਇਹ ਟੀਕਾ
ਐਲਾ ਦੱਸਦੇ ਹਨ ਕਿ ਇਹ ਬੈਕਟੀਰੀਆ ਭਾਰੀ ਮਾਤਰਾ ਵਿਚ ਸ਼ੂਗਰ ਅਤੇ ਪ੍ਰੋਟੀਨ ਬਣਾਉਂਦਾ ਹੈ। ਪਹਿਲਾਂ ਦੇ ਟੀਕੇ ਸ਼ੂਗਰ ਆਧਾਰਿਤ ਸਨ, ਜਿਸ ਨੂੰ ਬੱਚੇ ਦਾ ਸਰੀਰ ਜਲਦੀ ਇਕਾਈ ਦੇ ਰੂਪ ਵਿਚ ਪਛਾਣ ਨਹੀਂ ਪਾਉਂਦਾ ਸੀ। ਨਵਾਂ ਟੀਕਾ ਸ਼ੂਗਰ ਅਤੇ ਪ੍ਰੋਟੀਨ ਨੂੰ ਕ੍ਰਾਸਲਿੰਕ ਕਰੇਗਾ ਅਤੇ ਬੱਚੇ ਦਾ ਸਰੀਰ ਰੋਗਨਾਸ਼ਕ (ਐਂਟੀਬੌਡੀ) ਤਿਆਰ ਕਰ ਲਵੇਗਾ। ਇਹ ਟੀਕਾ ਬੱਚੇ ਨੂੰ ਪੂਰੀ ਜ਼ਿੰਦਗੀ ਟਾਇਫਾਈਡ ਤੋਂ ਬਚਾਏਗਾ।
ਇਸ ਤਰ੍ਹਾਂ ਹੋਈ ਟੀਕੇ ਦੀ ਜਾਂਚ
ਇਸ ਟੀਕੇ ਨੂੰ ਭਾਰਤ ਵਿਚ ਪਹਿਲਾਂ ਬਾਲਗਾਂ 'ਤੇ, ਫਿਰ ਨੌਜਵਾਨਾਂ 'ਤੇ, ਫਿਰ 5 ਸਾਲ ਦੇ ਬੱਚਿਆਂ 'ਤੇ ਅਤੇ ਅਖੀਰ ਵਿਚ 10,000 ਬੱਚਿਆਂ 'ਤੇ ਟੈਸਟ ਕੀਤਾ ਗਿਆ। ਇਸ ਮਗਰੋਂ ਆਕਸਫੋਰਡ ਵਿਚ ਵਾਲੰਟੀਅਰਾਂ ਨੂੰ ਇਕ ਗਿਲਾਸ ਪਾਣੀ ਵਿਚ ਵੱਡੀ ਮਾਤਰਾ ਵਿਚ ਜ਼ਿੰਦਾ ਬੈਕਟੀਰੀਆ ਪਿਲਾਇਆ ਗਿਆ। ਇਨ੍ਹਾਂ ਵਿਚੋਂ ਕੁਝ ਨੂੰ ਨਵਾਂ ਟੀਕਾ, ਕੁਝ ਨੂੰ ਪੁਰਾਣਾ ਟੀਕਾ ਅਤੇ ਕੁਝ ਨੂੰ ਹੋਰ ਤਰ੍ਹਾਂ ਦੀ ਦਵਾਈ ਦਿੱਤੀ ਗਈ।
ਇਸ ਮਨੁੱਖੀ ਚੁਣੌਤੀ ਨੂੰ ਬਿਲ ਗੇਟਸ ਅਤੇ ਉਸ ਦੀ ਪਤਨੀ ਮੇਲਿੰਡਾ ਗੇਟਸ ਦੇ ਫਾਊਂਡੇਸ਼ਨ ਵੱਲੋਂ ਫੰਡ ਦਿੱਤਾ ਗਿਆ ਸੀ। ਇਹ ਚੁਣੌਤੀ ਇਸ ਲਈ ਪੂਰੀ ਕਰਵਾਈਗਿਆ ਤਾਂਜੋ ਇਸ ਟੀਕੇ ਨੂੰ ਲੈ ਕੇ ਐਲਾ ਦਾ ਹਰ ਸ਼ੱਕ ਦੂਰ ਹੋ ਜਾਵੇ। ਐਲਾ ਨੇ ਕਿਹਾ ਕਿ ਕੁਝ ਕੰਪਨੀਆਂ ਕਾਰਨ ਗਲੋਬਲ ਪੱਧਰ ਭਾਰਤ ਦੇ ਅੰਕੜਿਆਂ 'ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ।