
ਲੰਦਨ : ਬਰਮਿੰਘਮ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਸ ਸਾਲ ‘ਪ੍ਰਾਈਡ ਆਫ ਬਰਮਿੰਘਮ’ ਬਹਾਦਰੀ ਖ਼ਿਤਾਬ ਲਈ ਚੁਣਿਆ ਗਿਆ ਹੈ। ਇਸ ਵਿਅਕਤੀ ਨੇ ਬੀਤੇ ਸਾਲ ਬਾਰਸਿਲੋਨਾ ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜਖ਼ਮੀ ਇਕ ਲੜਕੇ ਦੀ ਮਦਦ ਕਰਦੇ ਸਮੇਂ ਆਪਣੀ ਜਾਨ ਜੋਖਮ ਵਿਚ ਪਾਈ ਸੀ।
ਉੱਤਰ ਪੱਛਮ ਬਰਮਿਘਮ ਦੇ ਗਰੇਟ ਵਾਰ ਖੇਤਰ ਵਿਚ ਪ੍ਰਯੋਜਨਾ ਪ੍ਰਬੰਧਕ ਹੈਰੀ ਅਟਵਾਲ ਆਪਣੀ ਭੈਣ ਕਿੰਡੇ ਦੇਹਰ ਸਹਿਤ ਦੋਸਤਾਂ ਅਤੇ ਪਰਿਵਾਰ ਦੇ ਨਾਲ ਸਪੇਨ ਵਿਚ ਛੁੱਟੀਆਂ ਮਨਾ ਰਹੇ ਸਨ, ਉਦੋਂ ਇਕ ਅੱਤਵਾਦੀ ਨੇ ਬਾਰਸਿਲੋਨਾ ਦੇ ਪ੍ਰਸਿੱਧ ਯਾਤਰੀ ਸਥਾਨ ਲਾਸ ਰਾਮਬਲਾਸ ਵਿਚ ਪੈਦਲ ਮੁਸਾਫਰਾਂ ਨੂੰ ਇਕ ਵੈਨ ਨਾਲ ਟੱਕਰ ਮਾਰੀ ਸੀ ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਅਣਗਿਣਤ ਜਖ਼ਮੀ ਹੋਏ ਸਨ।
ਅਟਵਾਲ ਸੱਤ ਸਾਲ ਦੇ ਜੁਲੀਅਨ ਐਲੇਸਾਂਡਰੋ ਕੈਡਮੈਨ ਦੀ ਮਦਦ ਲਈ ਭੱਜੇ ਜੋ ਜ਼ਖ਼ਮੀ ਹਾਲਤ 'ਚ ਸੀ। ਪੁਲਿਸ ਦੇ ਇਲਾਕੇ ਖਾਲੀ ਕਰਨ ਦੇ ਆਦੇਸ਼ ਦੇ ਬਾਵਜੂਦ ਉਹ ਸੰਕਟਕਾਲੀਨ ਸਰਵਿਸਿਜ਼ ਪੁੱਜਣ ਤੱਕ ਉਸਨੂੰ ਫੜੇ ਰਹੇ।
ਬਰਤਾਨਵੀ ਅਤੇ ਆਸਟ੍ਰੇਲੀਆ ਦੀ ਦੋਹਰੀ ਨਾਗਰਿਕਤਾ ਵਾਲੇ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਉਸਦੇ ਪਰਿਵਾਰ ਨੇ ਮਦਦ ਲਈ ਅਟਵਾਲ ਨੂੰ ਧੰਨਵਾਦ ਦਿੱਤਾ ਸੀ। ਅਟਵਾਲ ਨੇ ‘ਬਰਮਿੰਘਮ ਮੇਲ’ ਨੂੰ ਕਿਹਾ, ‘‘ ਮੈਂ ਸਿੱਖ ਹਾਂ ਅਤੇ ਸਿੱਖ ਧਰਮ ਦੇ ਅਨੁਸਾਰ ਜ਼ਖ਼ਮੀ ਵਿਅਕਤੀ ਦੀ ਮਦਦ ਕਰਨਾ ਮੇਰਾ ਕਰਤੱਵ ਹੈ। ਇਸ ਲਈ ਮਦਦ ਲਈ ਮੈਂ ਉੱਥੇ ਗਿਆ।’’