
ਬੀਜਿੰਗ, 20 ਨਵੰਬਰ : ਚੀਨ ਦੀ ਫ਼ੌਜ 'ਚ ਅਗਲੇ ਸਾਲ ਇਕ ਹੋਰ ਮਿਜ਼ਾਈਲ ਸ਼ਾਮਲ ਹੋ ਸਕਦੀ ਹੈ। ਇਹ ਮਿਜ਼ਾਈਲ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਹੈ, ਜੋ ਪੂਰੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਿਸ਼ਾਨਾ ਲਗਾ ਸਕਦੀ ਹੈ। ਇਹ ਮਿਜ਼ਾਈਲ ਚੀਨ ਦੀ ਨੈਕਸਟ ਜੈਨਰੇਸ਼ਨ ਦੀ ਮਿਜ਼ਾਈਲ ਹੈ, ਜੋ ਅਗਲੇ ਸਾਲ ਚੀਨ ਦੀ ਫ਼ੌਜ 'ਚ ਸ਼ਾਮਲ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਇਹ ਮਿਜ਼ਾਈਲ ਪ੍ਰਮਾਣੂ ਹਥਿਆਰਾਂ ਨੂੰ ਇਕੱਠੇ ਲਿਜਾਣ 'ਚ ਸਮਰਥ ਹੋਵੇਗੀ। ਇਸ ਮਿਜ਼ਾਈਲ ਨੂੰ 'ਤੂੰਗਫੂੰਗ-41' ਨਾਂ ਦਿਤਾ ਗਿਆ ਹੈ। ਇਹ ਦੁਸ਼ਮਣਾਂ ਦੀ ਮਿਜ਼ਾਈਲ ਚਿਤਾਵਨੀ ਅਤੇ ਰਖਿਆ ਪ੍ਰਣਾਲੀ ਨਾਲ ਨਜਿੱਠਣ 'ਚ ਸਮਰਥ ਹੈ। ਇਸ ਦੀ ਰਫ਼ਤਾਰ ਮੈਕ 10 ਮਤਲਬ ਆਵਾਜ਼ ਦੀ ਰਫ਼ਤਾਰ ਤੋਂ 10 ਗੁਣਾ ਤੇਜ਼ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਰਫ਼ਤਾਰ ਲਗਭਗ 12,900 ਕਿਲੋਮੀਟਰ ਪ੍ਰਤੀ ਘੰਟਾ ਹੈ।
ਜ਼ਿਕਰਯੋਗ ਹੈ ਕਿ ਸਾਲ 2012 'ਚ ਇਸ ਮਿਜ਼ਾਈਲ ਦੀ ਘੋਸ਼ਣਾ ਹੋਣ ਦੇ ਬਾਅਦ ਤੋਂ ਹੁਣ ਤਕ ਇਸ ਦਾ 8 ਵਾਰ ਪ੍ਰੀਖਣ ਹੋ ਚੁਕਿਆ ਹੈ ਅਤੇ ਇਹ ਪੀਪਲਸ ਲਿਬਰੇਸ਼ਨ ਆਰਮੀ 'ਚ 2018 ਵਿਚ ਸ਼ਾਮਲ ਹੋ ਜਾਵੇਗੀ। ਚੀਨ ਆਰਮਸ ਕੰਟਰੋਲ ਐਂਡ ਡਿਸਆਰਮਮੈਂਟ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਸੁ. ਗੁਆਂਗੁ ਨੇ ਕਿਹਾ ਕਿ ਜੇ ਇਹ ਮਿਜ਼ਾਇਲ ਸੈਨਾ 'ਚ ਸੇਵਾ ਦੇਣਾ ਸ਼ੁਰੂ ਕਰਦੀ ਹੈ ਤਾਂ ਇਸ ਨੂੰ ਕਾਫੀ ਮਜ਼ਬੂਤ ਹੋਣਾ ਹੋਵੇਗਾ। ਇਹ ਮਿਜ਼ਾਈਲ 10 ਪ੍ਰਮਾਣੂ ਹਥਿਆਰਾਂ ਨੂੰ ਇਕੱਠੇ ਲਿਜਾ ਸਕਦੀ ਹੈ ਅਤੇ ਵੱਖ-ਵੱਖ ਨਿਸ਼ਾਨ ਲਗਾ ਸਕਦੀ ਹੈ।ਰੂਸੀ ਮਾਹਰਾਂ ਅਨੁਸਾਰ ਅਮਰੀਕਾ ਨੂੰ ਧਿਆਨ 'ਚ ਰੱਖ ਕੇ ਇਹ ਮਿਜ਼ਾਈਲ ਤਿਆਰ ਕੀਤੀ ਗਈ ਹੈ। ਇਸ ਮਿਜ਼ਾਈਲ ਨਾਲ ਅਮਰੀਕਾ ਅਤੇ ਯੂਰਪ ਦੇ ਸਾਰੇ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। (ਪੀਟੀਆਈ)