
ਟੋਰਾਂਟੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਕੈਨੇਡਾ ਦੌਰੇ ਦੌਰਾਨ ਬ੍ਰਿਟੇਨ ਦੇ ਪ੍ਰਿੰਸ ਹੈਰੀ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ। 47 ਸਾਲਾ ਮੇਲਾਨੀਆ ਅਮਰੀਕਾ ਦੀ ਪ੍ਰਥਮ ਮਹਿਲਾ ਬਣਨ ਤੋਂ ਬਾਅਦ ਪਹਿਲੀ ਵਾਰ ਇਕੱਲੇ ਹੀ ਕੌਮਾਂਤਰੀ ਦੌਰੇ 'ਤੇ ਗਈ ਹੈ। ਉਹ ਜ਼ਖਮੀ ਜਵਾਨਾਂ ਲਈ 'ਇਨਵਿਕਟਸ ਗੇਮਜ਼' ਦੇ ਉਦਘਾਟਨ ਸਮਾਰੋਹ ਲਈ ਕੱਲ੍ਹ ਭਾਵ ਸ਼ਨੀਵਾਰ ਨੂੰ ਇੱਥੇ ਪਹੁੰਚੀ। ਮੇਲਾਨੀਆ ਨੇ ਸ਼ਨੀਵਾਰ ਦੀ ਸ਼ਾਮ ਨੂੰ ਖੇਡ ਦਾ ਉਦਘਾਟਨ ਕੀਤਾ। ਇਸ ਦੌਰਾਨ ਮੇਲਾਨੀਆ ਦੀ ਮੁਲਾਕਾਤ ਪ੍ਰਿੰਸ ਹੈਰੀ ਨਾਲ ਹੋਈ।
ਜਿਕਰੇਯੋਗ ਹੈ ਕਿ ਪ੍ਰਿੰਸ ਹੈਰੀ ਨੇ 3 ਸਾਲ ਪਹਿਲਾਂ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ। 30 ਸਤੰਬਰ ਨੂੰ ਖਤਮ ਹੋਣ ਵਾਲੇ ਇਸ ਖੇਡ ਵਿਚ ਯੁੱਧ ਦੌਰਾਨ ਜ਼ਖਮੀ 550 ਤੋਂ ਵੱਧ ਜਵਾਨ ਹਿੱਸਾ ਲੈ ਰਹੇ ਹਨ। ਮੇਲਾਨੀਆ ਟਰੰਪ ਦੇ ਬੁਲਾਰੇ ਸਟੇਫਿਨ ਗ੍ਰਿਸ਼ਮ ਮੁਤਾਬਕ ਮੇਲਾਨੀਆ ਅਤੇ ਪ੍ਰਿੰਸ ਹੈਰੀ ਵਿਚਾਲੇ ਤਕਰੀਬਨ 20 ਮਿੰਟ ਤੱਕ ਗੱਲਬਾਤ ਹੋਈ। ਇਸ ਦੌਰਾਨ ਟਰੰਪ ਨੇ ਪ੍ਰਿੰਸ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। ਬੁਲਾਰੇ ਮੁਤਾਬਕ ਟਰੰਪ ਨੇ ਅਮਰੀਕੀ ਜਵਾਨਾਂ ਨੂੰ ਰਾਸ਼ਟਰਪਤੀ ਅਤੇ ਦੇਸ਼ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹੌਂਸਲਾ ਅਫਜ਼ਾਈ ਕੀਤੀ।