
ਫ਼ਤਿਹਗੜ੍ਹ ਸਾਹਿਬ: 7 ਸਾਲ ਪਹਿਲਾਂ ਰੁਜ਼ਾਗਰ ਦੀ ਭਾਲ ਵਿਚ ਇਟਲੀ ਗਏ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਪਤਾਰਸੀ ਦਾ ਨੌਜਵਾਨ ਪਿਛਲੇ ਚਾਰ ਮਹੀਨਿਆਂ ਤੋਂ ਲਾਪਤਾ ਦਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦੇ ਪਰਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਨੌਜਵਾਨ ਪਰਵਿੰਦਰ ਸਿੰਘ ਦੀ ਭਾਲ ਨੂੰ ਲੈ ਕੇ ਉਸ ਦੇ ਪਿਤਾ ਨਿਰਮਲ ਸਿੰਘ ਵਲੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਮ ਮੰਗ ਪੱਤਰ ਦਿਤਾ ਜਿਸ ਵਿਚ ਮੰਗ ਕੀਤੀ ਗਈ ਕਿ ਉਸ ਦੇ ਲੜਕੇ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਵਾਪਸ ਲਿਆਂਦਾ ਜਾਵੇ।
ਇਸ ਮੌਕੇ ਨੌਜਵਾਨ ਪਰਵਿੰਦਰ ਦੇ ਪਿਤਾ ਨਰਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਪਿਛਲੇ 7 ਸਾਲਾਂ ਤੋਂ ਇਟਲੀ ਗਿਆ ਹੋਇਆ ਹੈ ਤੇ ਉਸ ਦੀ ਆਮ ਘਰਦਿਆਂ ਨਾਲ ਫ਼ੋਨ 'ਤੇ ਗੱਲ ਹੁੰਦੀ ਰਹਿੰਦੀ ਸੀ, ਪ੍ਰੰਤੂ ਲਗਭਗ ਪਿਛਲੇ 4 ਮਹੀਨਿਆਂ ਤੋਂ ਉਸ ਦੇ ਲੜਕੇ ਦਾ ਕੋਈ ਫ਼ੋਨ ਨਹੀਂ ਆਇਆ।
ਉਸ ਨੇ ਦਸਿਆ ਕਿ 9 ਸਤੰਬਰ 2017 ਨੂੰ ਲੜਕੇ ਪਰਵਿੰਦਰ ਸਿੰਘ ਨੇ ਫ਼ੋਨ 'ਤੇ ਕਿਹਾ ਸੀ ਕਿ ਉਸ ਕੋਲ ਹੁਣ ਕੋਈ ਕੰਮਕਾਰ ਨਹੀਂ ਹੈ ਤੇ ਉਸ ਤੋਂ ਬਾਅਦ ਹੁਣ ਤਕ ਕੋਈ ਫ਼ੋਨ ਨਹੀਂ ਆਇਆ। ਉਧਰ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਪਤਾਰਸੀ ਦੇ ਨਿਵਾਸੀ ਪਰਵਿੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਦਿੱਲੀ ਜਾ ਕੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ ਵਿਚ ਇਹ ਮਾਮਲਾ ਲਿਆਉਣਗੇ ਤੇ ਇਟਲੀ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਦਾ ਪਤਾ ਕਰਵਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਸ਼ੇਰ ਸਿੰਘ ਪ੍ਰਧਾਨ ਨਗਰ ਕੋਂਸਲ, ਅਮਰਦੀਪ ਸਿੰਘ ਬੈਨੀਪਾਲ ਕੌਂਸਲਰ, ਹਰਭਜਨ ਸਿੰਘ ਚਨਾਰਥਲ ਆਦਿ ਵੀ ਹਾਜ਼ਰ ਸਨ।