
ਬੀਜਿੰਗ, 30 ਅਕਤੂਬਰ : ਫ਼ੇਸਬੁਕ ਸੰਸਥਾਪਕ ਮਾਰਕ ਜ਼ੁਕਰਬਰਗ ਇਕ ਵਾਰ ਫਿਰ ਚੀਨ ਦੀ ਯਾਤਰ 'ਤੇ ਹਨ। ਇਸ ਤੋਂ ਪਹਿਲਾਂ ਮਾਰਕ ਮਾਰਚ 2016 'ਚ ਚੀਨ ਦੀ ਯਾਤਰਾ 'ਤੇ ਗਏ ਸਨ। ਦੁਨੀਆਂ ਦੀ ਸੱਭ ਤੋਂ ਵੱਡੀ ਇੰਟਰਨੈਟ ਮਾਰਕੀਟ ਚੀਨ ਹੁਣ ਤਕ ਫ਼ੇਸਬੁਕ ਦੀ ਪਹੁੰਚ ਤੋਂ ਦੂਰ ਹੈ। ਮਾਰਕ ਜ਼ੁਕਰਬਰਗ ਨੇ ਇਥੇ ਚੀਨੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਜ਼ੁਕਰਬਰਗ ਨੇ 'ਸਿੰਗੁਆ ਸਕੂਲ ਆਫ਼ ਇਕਨੋਮਿਕਸ ਐਂਡ ਮੈਨੇਜਮੈਂਟ' ਦੇ ਵਿਦਿਆਰਥੀਆਂ ਨਾਲ ਅਪਣੀ ਇਕ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਅਪਣੀ ਫ਼ੇਸਬੁਕ ਪੋਸਟ 'ਚ ਲਿਖਿਆ ਕਿ ਉਹ ਕਾਲਜ 'ਚ ਹੋਈ ਸਾਲਾਨਾ ਸਲਾਹਕਾਰ ਬੋਰਡ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਚੀਨ ਗਏ ਹਨ। ਇਹ ਯਾਤਰਾ ਚੀਨ 'ਚ ਕਾਰੋਬਾਰ ਅਤੇ ਨਵੇਂ ਸੰਬੰਧਾਂ ਦੀ ਗਤੀ ਬਣਾਈ ਰੱਖਣ ਦਾ ਸ਼ਾਨਦਾਰ ਤਰੀਕਾ ਹੈ।
ਜ਼ਿਕਰਯੋਗ ਹੈ ਕਿ ਚੀਨ 'ਚ ਫ਼ੇਸਬੁਕ 'ਤੇ ਸਾਲ 2009 ਤੋਂ ਪਾਬੰਦੀ ਲੱਗੀ ਹੋਈ ਹੈ। ਚੀਨ 'ਚ ਵਾਪਸੀ ਕਰਨ ਦੀਆਂ ਕੋਸ਼ਿਸ਼ਾਂ ਫ਼ੇਸਬੁਕ ਪਿਛਲੇ ਕਈ ਸਾਲ ਤੋਂ ਕਰ ਰਿਹਾ ਹੈ। ਚੀਨ ਦੀ ਸਰਕਾਰ ਨਾਲ ਸੰਪਰਕ ਕਾਇਮ ਕਰਨ ਲਈ ਫ਼ੇਸਬੁਕ ਨੇ 'ਲਿੰਕਡਇਨ' ਦੇ ਇਕ ਸਾਬਕਾ ਅਧਿਕਾਰੀ ਨੂੰ ਵੀ ਲਗਾਇਆ ਹੋਇਆ ਹੈ।ਸਨਿਚਰਵਾਰ ਨੂੰ ਇਕ ਫ਼ੇਸਬੁਕ ਪੋਸਟ 'ਚ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਉਹ ਚੀਨ 'ਚ ਸਿੰਗੁਆ ਸਕੂਲ ਐਡਵਰਾਇਜ਼ਰੀ ਬੋਰਡ ਦੀ ਮੀਟਿੰਗ 'ਚ ਹਿੱਸਾ ਲੈਣ ਆਏ ਹਨ, ਜਿਸ ਦੇ ਉਹ 2014 ਤੋਂ ਮੈਂਬਰ ਹਨ। ਮਾਰਕ ਨੇ ਚੀਨ ਦੀ ਭਾਸ਼ਾ 'ਮੰਦਾਰਿਨ' ਵੀ ਚੰਗੀ ਤਰ੍ਹਾਂ ਸਿੱਖ ਲਈ ਹੈ। ਚੀਨ 'ਚ ਸਰਵਿਸ ਸ਼ੁਰੂ ਕਰਨ 'ਤੇ ਜਿਥੇ ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ 'ਚ ਯੂਜਰ ਬਣਾਉਣ ਦਾ ਮੌਕਾ ਮਿਲੇਗਾ, ਉਥੇ ਇਸ਼ਤਿਹਾਰਬਾਜ਼ੀ ਲਈ ਜੁੜਨ ਵਾਲੇ ਨਿਵੇਸ਼ਕਾਂ ਨੂੰ ਵੀ ਮੌਕਾ ਮਿਲੇਗਾ।