
ਵਾਸ਼ਿੰਗਟਨ, 20 ਜਨਵਰੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਦੇ ਇਸ ਬਿਆਨ ਕਿ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ਘਾੜੇ ਹਾਫ਼ਿਜ਼ ਸਈਦ ਵਿਰੁਧ ਕੋਈ ਮਾਮਲਾ ਨਹੀਂ ਬਣਦਾ, ਅਮਰੀਕਾ ਨੇ ਸ਼ੁਕਰਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿਤੀ। ਅਮਰੀਕੀ ਵਿਦੇਸ਼ ਮੰਤਰਾਲਾ ਅਨੁਸਾਰ ਪਾਕਿਸਤਾਨ ਨੂੰ ਸਾਫ਼ ਸ਼ਬਦਾਂ 'ਚ ਦੱਸ ਦਿਤਾ ਗਿਆ ਹੈ ਕਿ ਹਾਫ਼ਿਜ਼ ਸਈਦ ਇਕ ਅਤਿਵਾਦੀ ਹੈ ਅਤੇ ਉਸ ਵਿਰੁਧ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ।ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ ਕਿ ਅਮਰੀਕਾ ਦਾ ਕਹਿਣਾ ਹੈ ਕਿ ਸਈਦ ਵਿਰੁਧ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ। ਹੀਥਰ ਨੇ ਕਿਹਾ, ''ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧ ਹੋਣ ਕਾਰਨ ਉਹ ਅਲਕਾਇਦਾ ਪਾਬੰਦੀਸ਼ੁਦਾ ਕਮੇਟੀ ਦੀ ਸੂਚੀ 'ਚ ਸ਼ਾਮਲ ਹੈ। ਅਸੀਂ ਉਸ ਨੂੰ ਇਕ ਵਿਦੇਸ਼ੀ ਅਤਿਵਾਦੀ ਸੰਗਠਨ ਦਾ ਹਿੱਸਾ ਮੰਨਦੇ ਹਾਂ।
ਉਹ ਸਾਲ 2008 ਦੇ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਸ਼ਘਾੜਾ ਹੈ।''ਅਮਰੀਕੀ ਵਿਦੇਸ਼ ਮੰਤਰਾਲਾ ਵਲੋਂ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਕਾਨ ਅੱਬਾਸੀ ਦੀ ਉਸ ਟਿਪਣੀ ਮਗਰੋਂ ਆਇਆ ਹੈ, ਜਿਸ 'ਚ ਉਨ੍ਹਾਂ ਨੇ ਹਾਫ਼ਿਜ਼ ਸਈਦ ਨੂੰ 'ਸਾਹਿਬ' ਕਿਹਾ ਸੀ। ਪਾਕਿ ਅਖ਼ਬਾਰ 'ਡਾਨ' ਦੀ ਰੀਪੋਰਟ ਮੁਤਾਬਕ ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੀਥਰ ਨੋਰਟ ਨੇ ਇਕ ਕਿਹਾ, ''ਅਸੀਂ ਉਸ ਨੂੰ ਅਤਿਵਾਦੀ ਮੰਨਦੇ ਹਾਂ, ਜੋ ਵਿਦੇਸ਼ੀ ਅਤਿਵਾਦੀ ਸੰਗਠਨ ਦਾ ਇਕ ਹਿੱਸਾ ਹੈ। ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਸਾਲ 2008 ਦੇ ਮੁੰਬਈ ਹਮਲਿਆਂ 'ਚ ਜਿਨ੍ਹਾਂ ਅਮਰੀਕੀ ਲੋਕਾਂ ਸਮੇਤ ਕਈ ਹੋਰ ਲੋਕ ਮਾਰੇ ਗਏ ਸਨ, ਉਹ ਉਸ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਸੀ।'' (ਪੀਟੀਆਈ)