
ਲੰਦਨ, 9 ਜਨਵਰੀ (ਸਰਬਜੀਤ ਸਿੰਘ ਬਨੂੜ) : ਬਰਤਾਨੀਆ 'ਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਅਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਹੋਈ।ਇਸ 'ਚ ਦੀਰਘ ਵਿਚਾਰਾਂ ਉਪਰੰਤ ਸਰਬਸੰਮਤੀ ਨਾਲ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਸਰਕਾਰੀ ਨੁਮਾਇੰਦਿਆਂ, ਅਧਿਕਾਰੀਆਂ ਅਤੇ ਸਿੱਖ ਨੌਜਵਾਨਾਂ 'ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਫਸਰਾਂ ਤੇ ਗੁਰਦਵਾਰਿਆਂ 'ਚ ਬੋਲਣ ਅਤੇ ਉਨ੍ਹਾਂ ਦੇ ਸਨਮਾਨ 'ਤੇ ਪਾਬੰਦੀ ਦਾ ਮਤਾ ਪਾਸ ਕੀਤਾ ਗਿਆ, ਪਰ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ, ਕਥਾ ਕੀਰਤਨ ਸਰਵਣ ਕਰਨ ਅਤੇ ਲੰਗਰ ਛਕਣ ਦੀ ਮਨਾਹੀ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਭਾਰਤ 'ਚ ਸਿੱਖਾਂ 'ਤੇ ਸਰਕਾਰੀ ਤੌਰ 'ਤੇ ਚਾਰ ਦਹਾਕਿਆਂ ਤੋਂ ਜ਼ਬਰ ਜੁਲਮ ਹੋ ਰਿਹਾ ਹੈ। ਅਦਾਲਤਾਂ ਵਲੋਂ ਦਿਤੀਆਂ ਗਈਆਂ ਸਜ਼ਾਵਾਂ ਦਾ ਸਮਾਂ ਖ਼ਤਮ ਹੋਣ ਮਗਰੋਂ ਵੀ ਸਿੱਖਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ। ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਰਕਾਰੀ ਪੱਧਰ 'ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ।ਮੀਟਿੰਗ 'ਚ ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਬਲਬੀਰ ਸਿੰਘ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਤਰਸੇਮ ਸਿੰਘ ਦਿਉਲ, ਭਾਈ ਚਰਨ ਸਿੰਘ, ਭਾਈ ਗੁਰਮੇਜ ਸਿੰਘ ਗਿੱਲ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਜਸਪਾਲ ਸਿੰਘ ਬੈਂਸ ਆਦਿ ਸ਼ਾਮਲ ਸਨ।