ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਸੋਮਵਾਰ ਨੂੰ ਮਾਊਂਟ ਸਿਨਾਬੰਗ ਜਵਾਲਾਮੁਖੀ 'ਚ ਧਮਾਕਾ ਹੋ ਗਿਆ, ਜਿਸ 'ਚ 5 ਹਜ਼ਾਰ ਮੀਟਰ ਦੀ ਉਚਾਈ ਵਿਚੋਂ ਸੁਆਹ ਅਤੇ ਲਾਵਾ ਨਿਕਲ ਕੇ ਹੇਠਾਂ ਵਹਿਣ ਲੱਗਾ। ਧਮਾਕੇ ਨਾਲ ਅਜੇ ਤਕ ਕਿਸੇ ਵੀ ਤਰ੍ਹਾਂ ਦੀ ਹਾਨੀ ਦੀ ਕੋਈ ਖ਼ਬਰ ਨਹੀਂ ਹੈ।ਨੈਸ਼ਨਲ ਡਿਜਾਸਟਰ ਮਿਟੀਗੇਸ਼ਨ ਏਜੰਸੀ ਮੁਤਾਬਕ ਇਸ ਨਾਲ ਅਜੇ ਤਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਡਿਜਾਸਟਰ ਏਜੰਸੀ ਦੇ ਬੁਲਾਰੇ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਸੁਆਹ ਅਤੇ ਧੂੰਆਂ ਦੱਖਣ ਦਿਸ਼ਾ ਵਲ ਉਡ ਰਿਹਾ ਹੈ। ਇਸ ਦੇ ਚਲਦੇ ਰੀਜ਼ਨਲ ਵੋਲਕੇਨਿਕ ਐਸ਼ ਐਡਵਾਇਜ਼ਰੀ ਸੈਂਟਰ ਨੇ ਏਅਰਲਾਈਨਜ਼ ਕੰਪਨੀਆਂ ਨੂੰ 'ਰੈਡ ਨੋਟਿਸ' ਜਾਰੀ ਕੀਤਾ ਹੈ, ਜਿਸ ਦਾ ਮਤਲਬ ਹੈ ਜ਼ਿਆਦਾ ਖ਼ਤਰਾ।
ਇਸ ਦੇ ਨਾਲ ਹੀ ਜਿਹੜੇ ਲੋਕ ਪਹਾੜਾਂ ਨੇੜੇ ਰਹਿੰਦੇ ਹਨ ਉਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2010 'ਚ ਜਵਾਲਾਮੁਖੀ ਧਮਾਕਾ ਹੋਇਆ ਸੀ। ਇਸ 'ਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਤੋਂ ਬਾਅਦ 2014 'ਚ ਧਮਾਕਾ ਹੋਇਆ ਸੀ, ਜਿਸ ਵਿਚ 16 ਲੋਕ ਮਾਰੇ ਗਏ ਸਨ। ਸਾਲ 2014 ਤੋਂ ਬਾਅਦ 2016 'ਚ ਵੀ ਜਵਾਲਾਮੁਖੀ ਧਮਾਕੇ ਵਿਚ 7 ਲੋਕਾਂ ਦੀ ਜਾਨ ਚਲੀ ਗਈ ਸੀ। (ਪੀਟੀਆਈ)