
ਮਿਆਮੀ, 11 ਸਤੰਬਰ : ਕੈਰੇਬੀਆਈ
ਦੇਸ਼ ਕਿਊਬਾ 'ਚ ਦੋ ਦਿਨ ਤਬਾਹੀ ਮਚਾਉਣ ਤੋਂ ਬਾਅਦ ਤੂਫ਼ਾਨ 'ਇਰਮਾ' ਅਮਰੀਕਾ ਦੇ ਫ਼ਲੋਰਿਡਾ
ਸੂਬੇ ਦੇ ਦਖਣੀ ਹਿੱਸੇ ਨਾਲ ਟਕਰਾਇਆ। ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਹੁਣ ਤਕ ਪੰਜ
ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਿਸ 'ਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਐਤਵਾਰ
ਰਾਤ ਤਾਂਪਾ ਅਤੇ ਮਾਰਕੋ ਆਈਲੈਂਡ ਇਸ ਤੂਫ਼ਾਨ ਦੀ ਲਪੇਟ 'ਚ ਆਏ। ਇਸ ਸਮੇਂ ਹਵਾ ਦੀ ਰਫ਼ਤਾਰ
200 ਕਿਲੋਮੀਟਰ ਪ੍ਰਤੀ ਘੰਟਾ ਸੀ। ਫ਼ਲੋਰਿਡਾ ਦੇ ਮੌਸਮ ਵਿਭਾਗ ਦੀ ਰੀਪੋਰਟ ਮੁਤਾਬਕ ਹੁਣ
ਇਹ ਤੂਫ਼ਾਨ ਪੱਛਮ ਦਿਸ਼ਾ ਵਲ ਵੱਧ ਰਿਹਾ ਹੈ।
ਤੂਫ਼ਾਨ ਦੀ ਤਬਾਹੀ ਵਿਚਕਾਰ ਫ਼ਲੋਰਿਡਾ 'ਚ
ਲੁਟੇਰਿਆਂ ਦਾ ਗਰੋਹ ਵੀ ਸਰਗਰਮ ਹੈ। ਫ਼ਲੋਰਿਡਾ ਦੇ ਕਈ ਸ਼ਹਿਰ ਖ਼ਾਲੀ ਕਰਵਾਏ ਜਾਣ ਮਗਰੋਂ
ਪੁਲਿਸ ਨੂੰ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਬਾਰੇ ਜਾਣਕਾਰੀ ਮਿਲੀ। ਇਸ ਕਾਰਨ ਇਨ੍ਹਾਂ
ਸ਼ਹਿਰਾਂ 'ਚ ਸਪੈਸ਼ਲ ਫ਼ੋਰਸ ਤੈਨਾਤ ਕਰ ਦਿਤੀ ਗਈ ਸੀ। ਪੁਲਿਸ ਨੇ ਕਈ ਥਾਵਾਂ 'ਤੇ
ਸੀ.ਸੀ.ਟੀ.ਵੀ. ਕੈਮਰੇ ਵੀ ਫਿਟ ਕੀਤੇ ਸਨ, ਜਿਨ੍ਹਾਂ ਦੀ ਮਦਦ ਨਾਲ ਹੁਣ ਤਕ 32 ਲੁਟੇਰਿਆਂ
ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਵੀ ਪੁਲਿਸ ਕਈ ਥਾਵਾਂ 'ਤੇ ਸਰਚ ਮੁਹਿੰਮ ਚਲਾ
ਰਹੀ ਹੈ। ਸਾਰੀਆਂ ਸੜਕਾਂ ਅਤੇ ਹਾਈਵੇ ਬੰਦ ਕਰ ਦਿਤੇ ਗਏ ਹਨ।
ਤੂਫ਼ਾਨ ਕਾਰਨ ਜ਼ਿਆਦਾਤਰ
ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। 11 ਲੱਖ ਤੋਂ ਵੱਧ ਘਰਾਂ ਅਤੇ ਦੁਕਾਨਾਂ 'ਚ
ਬਿਜਲੀ ਸਪਲਾਈ ਬੰਦ ਹੋ ਚੁਕੀ ਹੈ। ਫ਼ਲੋਰਿਡਾ ਦੇ ਤੂਫ਼ਾਨ ਪ੍ਰਭਾਵਤ ਖੇਤਰਾਂ 'ਚ ਲਗਭਗ 63
ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਸੀ। ਸੂਬੇ ਦੇ ਦਖਣੀ-ਪਛਮੀ
ਤਟੀ ਇਲਾਕਿਆਂ 'ਚ 10 ਤੋਂ 15 ਫੁਟ ਪਾਣੀ ਭਰਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੁਨਰੋ
ਕਾਊਂਟੀ 'ਚ ਤੇਜ਼ ਹਵਾ ਕਾਰਨ ਇਕ ਟਰੱਕ ਦਾ ਸੰਤੁਲਨ ਵਿਗੜਣ ਕਾਰਨ ਇਕ ਦੀ ਮੌਤ ਹੋ ਗਈ,
ਜਦਕਿ ਮੀਂਹ ਕਾਰਨ ਕਾਰ ਹਾਦਸੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।
ਇਸ ਵਿਚਕਾਰ
ਨੈਸ਼ਨਲ ਵੈਦਰ ਸਰਵਿਸ ਨੇ 12 ਘੰਟੇ ਵਿਚਕਾਰ ਤੂਫ਼ਾਨ ਦਾ ਦਰਜ਼ਾ 3 ਤੋਂ ਵਧਾ ਕੇ 4 ਕਰ ਦਿਤਾ
ਹੈ। ਪਿਊਰਟੋ ਰਿਕੋ ਅਤੇ ਹੋਰ ਤਟੀ ਸ਼ਹਿਰਾਂ 'ਚ ਆਪਾਤ ਸਥਿਤੀ ਨਾਲ ਨਜਿੱਠਣ ਲਈ ਅਮਰੀਕੀ
ਫ਼ੌਜ ਦੇ 7400 ਜਵਾਨ ਅਤੇ ਇੰਜੀਨੀਅਰ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 140
ਏਅਰਕਰਾਫ਼ਟ, 650 ਟਰੱਕ, 150 ਕਿਸ਼ਤੀਆਂ ਵੀ ਤਿਆਰ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ
ਤੂਫ਼ਾਨ ਫ਼ਲੋਰਿਡਾ ਦੇ ਪਛਮੀ ਖੇਤਰ ਲਈ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਇਥੇ ਹਵਾਵਾਂ 210
ਕਿਲੋਮੀਟਰ ਪ੍ਰਤੀ ਘੰਟਾਂ ਦੀ ਰਫ਼ਤਾਰ ਨਾਲ ਟਕਰਾ ਸਕਦੀਆਂ ਹਨ, ਜਿਸ ਕਾਰਨ ਭਾਰੀ ਜਾਨਮਾਲ
ਦਾ ਨੁਕਸਾਨ ਹੋ ਸਕਦਾ ਹੈ। ਫ਼ਲੋਰਿਡਾ 'ਚ ਲਗਭਗ 1.20 ਲੱਖ ਭਾਰਤੀ-ਅਮਰੀਕੀ ਰਹਿੰਦੇ ਹਨ।
ਇਸ ਤੋਂ ਇਲਾਵਾ ਖ਼ਤਰੇ ਵਾਲੇ ਖੇਤਰ ਮਿਆਮੀ, ਲਾਉਡਰਡੇਲ ਅਤੇ ਟਾਂਪਾ 'ਚ ਵੀ ਹਜ਼ਾਰਾਂ ਦੀ
ਗਿਣਤੀ 'ਚ ਭਾਰਤੀ ਵਸੇ ਹੋਏ ਹਨ। (ਪੀਟੀਆਈ)