
ਸੱਪ ਦੁਨੀਆ ਦਾ ਅਜਿਹਾ ਜੀਵ ਹੈ, ਜਿਸ 'ਤੋਂ ਦੁਨੀਆ ਦੇ ਜ਼ਿਆਦਾਤਰ ਲੋਕ ਡਰਦੇ ਹਨ ਪਰ ਦੁਨੀਆ 'ਚ ਇਕ ਅਜਿਹਾ ਵੀ ਆਈਲੈਂਡ ਹੈ, ਜਿਸ ਨੂੰ ਸੱਪਾਂ ਦਾ ਆਈਲੈਂਡ ਕਿਹਾ ਜਾਂਦਾ ਹੈ। ਇਸ ਆਈਲੈਂਡ 'ਤੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਤੇ ਖਤਰਨਾਕ ਸੱਪਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜੋ ਇਕ ਵਾਰ ਕਿਸੇ ਨੂੰ ਡੱਸ ਲਵੇ ਤਾਂ ਕੋਈ ਸ਼ਾਇਦ ਹੀ ਬਚੇ।
ਜਾਣਕਾਰੀ ਮੁਤਾਬਕ ਇਹ ਆਈਲੈਂਡ ਬ੍ਰਾਜ਼ੀਲ 'ਚ ਸਥਿਤ ਹੈ ਤੇ ਇਸ ਦਾ ਨਾਂ 'ਇਲਾਹਾ ਦਾ ਕਿਊਈਮਾਦਾ' ਹੈ। ਅਜਿਹਾ ਦੱਸਿਆ ਜਾਂਦਾ ਹੈ ਕਿ ਇਸ ਆਇਲੈਂਡ 'ਤੇ ਹਜ਼ਾਰਾਂ ਦੀ ਗਿਣਤੀ 'ਚ ਸੱਪ ਹਨ, ਜੋ ਇਨਸਾਨ ਨੂੰ ਡੱਸ ਲੈਣ ਤਾਂ ਉਸ ਦੀ ਤੁਰੰਤ ਹੀ ਮੌਤ ਹੋ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਪਹਿਲਾਂ ਇਸ ਆਈਲੈਂਡ 'ਤੇ ਸੱਪਾਂ ਦੀ ਇੰਨੀ ਆਬਾਦੀ ਨਹੀਂ ਸੀ ਤੇ ਆਈਲੈਂਡ ਦੇ ਮੱਧ 'ਚ ਹੀ ਕੁਝ ਪ੍ਰਜਾਤੀਆਂ ਦੇ ਸੱਪ ਸਨ।
ਨੇਵੀ ਕਰਮਚਾਰੀ ਦੀ ਮੌਤ ਤੋਂ ਬਾਅਦ ਹੋਇਆ ਗਿਣਤੀ 'ਚ ਵਾਧਾ
ਇਥੇ ਦੀ ਇਕ ਕਹਾਣੀ ਬਹੁਤ ਮਸ਼ਹੂਰ ਹੈ, ਜੋ ਕਿ ਇਸ ਆਈਲੈਂਡ ਦੇ ਆਖਰੀ ਕੇਅਰਟੇਕਰ ਬਾਰੇ ਹੈ। ਦੱਸਿਆ ਜਾਂਦਾ ਹੈ ਕਿ ਨੇਵੀ ਕਰਮਚਾਰੀ ਆਪਣੇ ਪਰਿਵਾਰ ਨਾਲ ਇਸ ਆਈਲੈਂਡ ਦੇ ਲਾਈਟ ਹਾਊਸ 'ਚ ਰਹਿੰਦਾ ਸੀ। ਕੇਅਰਟੇਕਰ ਦੇ ਨਾਲ ਉਸ ਦੀ ਪਤਨੀ ਤੇ ਤਿੰਨ ਬੱਚੇ ਵੀ ਰਹਿੰਦੇ ਸਨ। ਇਕ ਦਿਨ ਕੁਝ ਗੋਲਡਨ ਪਿਟਵਾਈਪਰ ਉਨ੍ਹਾਂ ਦੇ ਕਮਰੇ 'ਚ ਦਾਖਲ ਹੋ ਗਏ। ਪਰਿਵਾਰ ਉਨ੍ਹਾਂ ਤੋਂ ਡਰ ਕੇ ਆਪਣੀ ਕਿਸ਼ਤੀ ਵੱਲ ਭੱਜਿਆ ਪਰ ਕੋਈ ਵੀ ਕਿਸ਼ਤੀ ਤੱਕ ਪਹੁੰਚ ਨਹੀਂ ਸਕਿਆ ਤੇ ਸਾਰੇ ਮਾਰੇ ਗਏ। ਅਗਲੇ ਦਿਨ ਜਦੋਂ ਨੇਵੀ ਦਾ ਜਹਾਜ਼ ਸਮਾਨ ਦੇਣ ਪਹੁੰਚਿਆ ਤਾਂ ਉਨ੍ਹਾਂ ਨੂੰ ਪੂਰੇ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ, ਜੋ ਕਿ ਕਾਲੀਆਂ ਪੈ ਗਈਆਂ ਸਨ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਇਸ ਆਈਲੈਂਡ 'ਤੇ ਸੱਪਾਂ ਦੀ ਗਿਣਤੀ ਬਹੁਤ ਵਧ ਗਈ। ਨੇਵੀ ਕਰਮਚਾਰੀ ਦੀ ਮੌਤ ਤੋਂ ਬਾਅਦ ਲਾਈਟ ਹਾਊਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਤੇ ਬ੍ਰਾਜ਼ੀਲੀਅਨ ਸਰਕਾਰ ਨੇ ਇਸ ਆਈਲੈਂਡ 'ਤੇ ਇਨਸਾਨਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਇਸ ਆਈਲੈਂਡ 'ਤੇ ਚੋਰੀ ਗਏ ਪਰ ਕੋਈ ਨਹੀਂ ਪਰਤਿਆ।