
ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਹਾਲ ਹੀ ਚ ਆਪਣੀ ਪ੍ਰੇਮਿਕਾ ਗੁਰਕਿਰਨ ਕੌਰ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਕਾਫੀ ਸਮੇਂ ਤੱਕ ਚਰਚਾ ਵਿਚ ਰਹੇ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ।
ਇਸ ਦੇ ਨਾਲ ਹੀ ਜਗਮੀਤ ਸਿੰਘ ਅਤੇ ਉਹਨਾਂ ਦੀ ਪਤਨੀ ਦੀ ਇੱਕ ਤਸਵੀਰ ਹੋਰ ਸਾਹਮਣੇ ਆ ਰਹੀ ਹੈ ਜਿਸ ਵਿਚ ਉਹਨਾ ਦੇ ਨਾਲ ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨਜ਼ਰ ਆ ਰਹੀ ਹੈ। ਇਸ ਗੱਲ ਦੀ ਜਾਣਕਾਰੀ ਰੁਪਿੰਦਰ ਹਾਂਡਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਹਮਣੇ ਆਈ ਹੈ। ਰੁਪਿੰਦਰ ਹਾਂਡਾ ਨੇ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਵਿਆਹ ਦੀ ਸ਼ੁੱਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਜਗਮੀਤ ਸਿੰਘ ਨੇ ਆਪਣੇ ਵਿਆਹ ਦੀ ਤਾਰੀਖ ਬਾਰੇ ਹੁਣ ਤੱਕ ਕੋਈ ਖੁਲਾਸਾ ਨਹੀਂ ਕੀਤਾ। ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਅੰਦਾਜ਼ੇ ਲਾਏ ਜਾ ਰਹੇ ਸਨ ਕਿ ਇਹ ਵੀਡੀਓਜ਼ ਉਨ੍ਹਾਂ ਦੇ ਸੰਗੀਤ ਜਾਂ ਰਿਸੈਪਸ਼ਨ ਪਾਰਟੀ ਦੀਆਂ ਹੋ ਸਕਦੀਆਂ ਹਨ ।ਦੱਸ ਦੇਈਏ ਕਿ ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਆਪਣੀ ਵੱਖਰੀ ਸਟਾਈਲਿਸ਼ ਲੁੱਕ ਕਰ ਕੇ ਜਾਣੇ ਜਾਂਦੇ ਹਨ।
ਖਾਸ ਗੱਲ ਇਹ ਹੈ ਕਿ ਜਗਮੀਤ ਕੈਨੇਡਾ ਦੇ ਅਜਿਹੇ ਸਿੱਖ ਨੇਤਾ ਹਨ, ਜੋ ਕਿ ਅਗਲੀਆਂ ਪ੍ਰਧਾਨ ਮੰਤਰੀ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ। 38 ਸਾਲਾ ਜਗਮੀਤ ਸਿੰਘ ਉਰਫ ਜਿੰਮੀ ਨੂੰ 2017 'ਚ ਐੱਨ. ਡੀ. ਪੀ. ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਦੱਸ ਦੇਈਏ ਕਿ ਜਗਮੀਤ ਦੀ ਪਤਨੀ ਗੁਰਕਿਰਨ ਕੌਰ ਫੈਸ਼ਨ ਡਿਜ਼ਾਈਨਰ ਹੈ।