
ਕੈਨੇਡਾ ਦੀ ਸਿਆਸਤ ’ਚ ਉਭਰਦੇ ਸਿੱਖ ਲੀਡਰ ਦੀ ‘ਕੁੜਮਾਈ’ ਦੇ ਚਰਚੇ ਚੱਲ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਨਿੱਜੀ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ’ਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਗੁਰਕਿਰਨ ਸਿੱਧੂ (27) ਸ਼ਗਨਾਂ ਵਾਲੀਆਂ ਪੁਸ਼ਾਕਾਂ ’ਚ ਦਿਖ ਰਹੇ ਹਨ।
ਕੁਝ ਵੀਡੀਓ ਵਿੱਚ ਇਹ ਜੋੜਾ ਪੰਜਾਬੀ ਗੀਤਾਂ ’ਤੇ ਨੱਚਦਾ ਨਜ਼ਰ ਆ ਰਿਹਾ ਹੈ।ਇੰਸਟਾਗ੍ਰਾਮ ਦੇ ਪੇਜ ‘ਜੰਗੀਰੋ’ ਦੀਆਂ ਪੋਸਟਾਂ ਵਿੱਚ ਜਗਮੀਤ ਸਿੰਘ ਅਤੇ ਗੁਰਕਿਰਨ ਨੂੰ ਜੋੜੇ ਵਜੋਂ ਦਿਖਾਇਆ ਗਿਆ ਹੈ। ‘ਜੰਗੀਰੋ’ ਗੁਰਕਿਰਨ ਸਿੱਧੂ ਦੀ ਪੰਜਾਬੀ ਪੁਸ਼ਾਕਾਂ ਦੀ ਨਵੀਂ ਲੜੀ ਹੈ।
ਬੀਤੇ ਐਤਵਾਰ ਹੋਏ ਇਸ ਸਮਾਗਮ ਨੂੰ ਜਗਮੀਤ ਦੇ ਬੁਲਾਰੇ ਜੇਮਜ਼ ਸਮਿੱਥ ਨੇ ਇਸ ਨੂੰ ਨਾ ਤਾਂ ਮੰਗਣੀ ਤੇ ਨਾ ਹੀ ਵਿਆਹ ਦੀ ਰਸਮ ਆਖਿਆ ਸਗੋਂ ਇੰਨਾਂ ਕਿਹਾ ਕਿ ਇਹ ਦੋਵਾਂ ਪਰਿਵਾਰਾਂ ਦੀ ਪਹਿਲੀ ਮਿਲਣੀ ਸੀ।
ਪਰ ਲੋਕਾਂ ਵੱਲੋਂ ਇਸ ਨੂੰ ‘ਰੋਕਾ’ ਸਮਝਿਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਦੋਵਾਂ ਨੂੰ ਖੂਬ ਵਧਾਈਆਂ ਮਿਲ ਰਹੀਆਂ ਹਨ। ਫੋਟੋਗ੍ਰਾਫਰ ਗਗਨਦੀਪ ਨੇ ਦੱਸਿਆ ਕਿ ਕੁੜੀ ਦੇ ਘਰ ਉਸ ਨੂੰ ‘ਰੋਕੇ’ ਦੀ ਰਸਮ ਲਈ ਬੁੱਕ ਕੀਤਾ ਗਿਆ ਸੀ।
ਪੇਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ ਇਸੇ ਸਾਲ ਕੈਨੇਡਾ ਦੀ ਸਿਆਸੀ ਪਾਰਟੀ ਐਨਡੀਪੀ ਦਾ ਨੇਤਾ ਬਣਿਆ ਹੈ ਤੇ ਉਸ ਨੂੰ ਕੈਨੇਡਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਵਜੋਂ ਵਿਚਾਰਿਆ ਜਾ ਰਿਹਾ ਹੈ।