
ਢਾਕਾ : ਭਾਰਤ 'ਚ ਡੋਮੀਨੋਜ਼ ਪੀਜ਼ਾ ਬ੍ਰਾਂਡ ਚਲਾਉਣ ਦਾ ਅਧਿਕਾਰ ਰੱਖਣ ਵਾਲੀ ਕੰਪਨੀ ਜੁਬੀਲੈਂਟ ਫੂਡਵਰਕਸ ਜਲਦ ਬੰਗਲਾਦੇਸ਼ 'ਚ ਵੀ ਦਾਖ਼ਲ ਹੋਵੇਗੀ। ਇਸ ਦੇ ਲਈ ਕੰਪਨੀ ਨੇ ਗੋਲਡਨ ਹਾਰਵੇਸਟ ਕਿਊ.ਐੱਸ.ਆਰ. ਲਿਮਟਿਡ ਨਾਲ ਸੰਯੁਕਤ ਉਪਕ੍ਰਮ ਬਣਾਉਣ ਦੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ।
ਜ਼ਿਕਰੇਯੋਗ ਹੈ ਕਿ ਜੁਬੀਲੈਂਟ ਵਰਕਸ ਭਾਰਤ 'ਚ ਡੋਮੀਨੋਜ਼ ਪੀਜ਼ਾ ਤੇ ਡੰਕਿਨ ਡੋਨਟਸ ਬ੍ਰਾਂਡ ਦੀ ਮੁੱਖ ਫਰੈਂਚਾਇਜੀ ਧਾਰਕ ਹੈ। ਕੰਪਨੀ ਕੋਲ ਸ਼੍ਰੀਲੰਕਾ, ਬੰਗਲਾਦੇਸ਼ ਤੇ ਨੇਪਾਲ 'ਚ ਵੀ ਡੋਮੀਨੋਜ਼ ਪੀਜ਼ਾ ਬ੍ਰਾਂਡ ਨੂੰ ਚਲਾਉਣ ਦਾ ਵਿਸ਼ੇਸ਼ ਅਧਿਕਾਰ ਹੈ। ਇਸ ਨਵੇਂ ਸੰਯੁਕਤ ਉਪਕ੍ਰਮ ਜੁਬੀਲੈਂਟ ਗੋਲਡਨ ਹਾਰਵੇਸਟ ਲਿਮਟਿਡ 'ਚ ਜੁਬੀਲੈਂਟ ਕੋਲ 51 ਫੀਸਦੀ ਹਿੱਸੇਦਾਰੀ ਹੋਵੇਗੀ ਜਦਕਿ ਗੋਲਡਨ ਹਾਰਵੇਸਟ ਕੋਲ ਬਾਕੀ ਹਿੱਸੇਦਾਰੀ ਹੋਵੇਗੀ।
ਜੁਬੀਲੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪੂਰਣ ਕਾਲਿਕ ਨਿਦੇਸ਼ਕ ਪ੍ਰਤੀਕ ਪੋਟਾ ਨੇ ਕਿਹਾ, 'ਦੁਨੀਆ 'ਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ 8ਵਾਂ ਸਭ ਤੋਂ ਵਧ ਜਨਸੰਖਿਆ ਘਣਤਾ ਤੇ ਨੌਜਵਾਨ ਆਬਾਦੀ ਵਾਲੇ ਬੰਗਲਾਦੇਸ਼ 'ਚ ਡੋਮੀਨੋਜ਼ ਦੇ ਵਾਧੇ ਲਈ ਬਿਹਤਰ ਮੌਕੇ ਮੌਜੂਦ ਹਨ।' ਗੋਲਡਨ ਹਾਰਵੇਸਟ ਕਿਊ.ਐੱਸ.ਆਰ. ਲਿਮਟਿਡ ਬੰਗਲਾਦੇਸ਼ ਦੇ ਗੋਲਡਨ ਹਾਰਵੇਸਟ ਸਮੂਹ ਦਾ ਹਿੱਸਾ ਹੈ ਜੋ ਪਹਿਲਾਂ ਤੋਂ ਭੋਜਨ, ਸੂਚਨਾ ਤਕਨੀਕੀ, ਰੀਅਲ ਅਸਟੇਟ, ਡੈਅਰੀ ਉਤਪਾਦ ਅਤੇ ਹੋਰ ਕਾਰੋਬਾਰਾਂ ਵਿਚ ਸ਼ਾਮਿਲ ਹੈ।