
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਦੋ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਸੰਬਧੀ ਜਾਣਕਾਰੀ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਨੇ ਦਿੱਤੀ। ਅਲਬਰਟਾ 'ਚ ਰਹਿਣ ਵਾਲੇ ਓਰੀਅਨ ਰੁਟਲੇ ਨਾਂ ਦੇ ਦੋਸ਼ੀ ਨੂੰ 19 ਜਨਵਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਉਸ ਨੇ ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਸਨ। ਉਸ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਉਸ 'ਤੇ ਰੋਕ ਲੱਗ ਗਈ ਹੈ।
8 ਫਰਵਰੀ ਨੂੰ ਉਸ ਨੂੰ ਸੂਬਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਤਦ ਤਕ ਪੁਲਿਸ ਉਸ ਸੰਬੰਧੀ ਹੋਰ ਜਾਂਚ-ਪੜਤਾਲ ਕਰਦੀ ਰਹੇਗੀ। ਫਿਲਹਾਲ ਉਸ ਨੂੰ 6 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਅਗਲੇ 10 ਸਾਲਾਂ ਤਕ ਉਹ ਹਥਿਆਰਾਂ ਦੀ ਵਰਤੋਂ ਵੀ ਨਹੀਂ ਕਰ ਸਕਦਾ।
ਇਸ ਸੰਬੰਧੀ ਦੱਸਦਿਆਂ ਨੋਟਲੇ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਮਈ, 2015 ਤੋਂ ਕਾਫੀ ਸਮੇਂ ਤਕ ਧਮਕੀਆਂ ਮਿਲਦੀਆਂ ਰਹੀਆਂ ਸਨ। ਇਸ ਤੋਂ ਇਲਾਵਾ ਅਲਬਰਟਾ ਦੇ ਲੀਥਬ੍ਰਿਜ ਦੀ ਰਹਿਣ ਵਾਲੀ ਇਕ ਔਰਤ ਨੂੰ ਵੀ ਸਜ਼ਾ ਸੁਣਾਈ ਜਾ ਚੁੱਕੀ ਹੈ ਜੋ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਧਮਕੀਆਂ ਦਿੰਦੀ ਸੀ।