
ਓਨਟਾਰੀਓ: ਹਰੇਕ ਦੇਸ਼ 'ਚ ਨਵਾਂ ਸਾਲ ਇਕ ਬਦਲਾਅ ਲੈ ਕੇ ਆਉਂਦਾ ਹੈ। ਨਵੇਂ ਸਾਲ ਵਾਲੇ ਦਿਨ ਦੁਨੀਆ ਭਰ ਦੇ ਦੇਸ਼ਾਂ 'ਚ ਕਾਨੂੰਨਾਂ, ਨਿਯਮਾਂ ਤੇ ਟੈਕਸਾਂ 'ਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਕੈਨੇਡਾ ਦੇ ਲੋਕਾਂ ਲਈ ਨਵਾਂ ਸਾਲ ਕਈ ਤਰ੍ਹਾਂ ਦੇ ਉਤਾਰ ਚੜਾਅ ਦੇਖਣ ਨੂੰ ਮਿਲਣਗੇ।
ਛੋਟੇ ਵਪਾਰੀਆਂ ਨੂੰ ਰਾਹਤ
ਕੈਨੇਡਾ 'ਚ ਛੋਟੇ ਵਪਾਰੀਆਂ ਲਈ ਖੁਸ਼ਖਬਰੀ ਦੇ ਤੌਰ 'ਤੇ ਨਵਾਂ ਸਾਲ ਟੈਕਸ ਦੀ ਦਰ 'ਚ ਗਿਰਾਵਟ ਲੈ ਕੇ ਆਇਆ ਹੈ। ਟੈਕਸ ਦੀ ਦਰ 10.5 ਫੀਸਦੀ ਤੋਂ ਘੱਟ ਕੇ 10 ਫੀਸਦੀ ਹੋ ਗਈ ਹੈ। ਹਾਲਾਂਕਿ ਇਹ ਛੋਟ ਛੋਟੇ ਕਾਰੋਬਾਰੀਆਂ ਨੂੰ ਕੁਝ ਸਮੇਂ ਲਈ ਹੀ ਦਿੱਤੀ ਗਈ ਹੈ ਕਿਉਂਕਿ ਲਿਬਰਲ ਸਰਕਾਰ ਦੀਆਂ ਨਵੀਂਆਂ ਤਬਦੀਲੀਆਂ 'ਚ ਛੋਟੇ ਕਾਰੋਬਾਰੀਆਂ ਦੀ ਆਮਦਨ ਨੂੰ ਪੂਰੇ ਪਰਿਵਾਰ ਨੂੰ ਵੰਡਣ ਦੀ ਪ੍ਰਕਿਰਿਆ ਸ਼ਾਮਲ ਹੈ।
ਇਹ ਸਾਰੇ ਬਦਲਾਅ ਇਕ ਜਨਵਰੀ 'ਚ ਉਦੋਂ ਪ੍ਰਭਾਵ 'ਚ ਆਉਣਗੇ ਜਦੋਂ ਕਾਰੋਬਾਰ ਮਾਲਕਾਂ ਵਲੋਂ 2018 ਦਾ ਟੈਕਸ 2018 ਨੂੰ ਭਰਿਆ ਜਾਵੇਗਾ। ਫੈਡਰਲ ਪੱਧਰ 'ਤੇ ਈ.ਆਈ. ਪ੍ਰੀਮੀਅਮ 'ਚ ਮਾਮੂਲੀ ਵਾਧਾ ਹੋਵੇਗਾ ਪਰ ਕੈਨੇਡੀਆਂ ਟੈਕਸਪੇਅਰ ਫੈਡਰੇਸ਼ਨ ਦਾ ਅੰਦਾਜ਼ਾ ਹੈ ਕਿ ਇਹ ਔਸਤ ਕਾਮਿਆਂ ਲਈ 6 ਡਾਲਰ ਦੇ ਨਵੇਂ ਖਰਚੇ ਤੇ ਨੌਕਰੀਪੇਸ਼ਾ ਲੋਕਾਂ ਦੇ ਖਰਚੇ 'ਚ 13 ਡਾਲਰ ਦੇ ਨਵੇਂ ਖਰਚੇ ਜੋੜ ਦੇਵੇਗਾ। ਬੀਅਰ, ਵਾਈਨ ਤੇ ਸਪਿਰਿਟ 'ਤੇ ਸਰਕਾਰ ਦੀ ਨਵੀਂ ਟੈਕਸ ਨੀਤੀ ਮੁਤਾਬਕ ਕਰ 'ਚ ਵਾਧਾ ਹੋਵੇਗਾ ਪਰ ਇਹ ਟੈਕਸ 1 ਅਪ੍ਰੈਲ ਤੋਂ ਬਾਅਦ ਵਧਣਗੇ।
ਸਪਾਂਸਰਸ਼ਿਪ ਪ੍ਰੋਗਰਾਨ ਦੀ ਵਾਪਸੀ
ਕੈਨੇਡਾ 'ਚ ਜਿਹੜੇ ਲੋਕ ਆਪਣੇ ਬਜ਼ੁਰਗ ਮਾਪਿਆਂ ਤੇ ਦਾਦਾ-ਦਾਦੀ ਨੂੰ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਲਈ 2018 'ਚ ਸਪਾਂਸਰਸ਼ਿਪ ਪ੍ਰੋਗਰਾਮ ਦੀ ਵਾਪਸੀ ਕੀਤੀ ਗਈ ਹੈ। ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਨਵੇਂ ਸਾਲ ਦੀਆਂ ਨੀਤੀਆਂ ਮੁਤਾਬਕ ਹਰ ਕੋਈ ਇਸ ਦਾ ਫਾਇਦਾ ਨਹੀਂ ਲੈ ਸਕੇਗਾ। ਜੋ ਲੋਕ ਸਪਾਂਸ ਵੀਜ਼ਾ ਲੈਣਾ ਚਾਹੁੰਦੇ ਹਨ ਉਨ੍ਹਾਂ ਦੀ ਡਰਾਅ ਰਾਹੀਂ ਚੋਣ ਕੀਤੀ ਜਾਵੇਗੀ। ਵਿਭਾਗ ਨੇ ਇਹ ਵੀ ਕਿਹਾ ਕਿ ਇਹ ਪ੍ਰਕਿਰਿਆ ਬੀਤੇ ਦੋ ਸਾਲਾਂ ਤੋਂ ਵਧੇਰੇ ਨਿਰਪੱਖ ਤੇ ਪਾਰਦਰਸ਼ੀ ਹੋਵੇਗੀ।
ਪ੍ਰਤੀ ਘੰਟਾ ਮਿਹਨਤਾਨੇ 'ਚ ਵਾਧਾ
ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਬਦਲਾਅ ਪ੍ਰੋਵਿੰਸ਼ੀਅਲ ਪੱਧਰ 'ਤੇ ਕੀਤੇ ਗਏ ਹਨ। ਓਨਟਾਰੀਓ ਦੇ ਘੱਟ ਆਮਦਨ ਵਾਲੇ ਕਾਮਿਆਂ ਲਈ ਨਵਾਂ ਸਾਲ ਖੁਸ਼ਖਬਰੀ ਲੈ ਕੇ ਆਇਆ ਹੈ। 1 ਜਨਵਰੀ ਤੋਂ ਸੂਬੇ ਦੇ ਕਾਮਿਆਂ ਦੀ ਘਟੋ ਘੱਟ ਮਿਹਨਤਾਨਾ 14 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ, ਜੋ ਕਿ ਕੈਨੇਡਾ ਦੇ ਸਾਰੇ ਸੂਬਿਆਂ ਨਾਲੋਂ ਵਧ ਹੈ। ਕੈਨੇਡਾ ਦੇ ਐਲਬਰਟਾ 'ਚ ਕਾਮਿਆਂ ਨੂੰ 13.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲ ਰਿਹਾ ਹੈ ਤੇ ਇਸ 'ਚ ਅਕਤੂਬਰ ਮਹੀਨੇ ਵਾਧਾ ਕੀਤਾ ਜਾਵੇਗਾ। ਐਲਬਰਟਾ 'ਚ ਅਕਤੂਬਰ ਮਹੀਨੇ ਤੋਂ ਕਾਮਿਆਂ ਨੂੰ 15 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ ਤੇ ਓਨਟਾਰੀਓ 'ਚ ਅਗਲੇ ਸਾਲ ਤੋਂ ਆਪਣੇ ਕਾਮਿਆਂ ਨੂੰ 15 ਡਾਲਰ ਪ੍ਰਤੀ ਘੰਟਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਮੈਡੀਕਲ ਸਬੰਧੀ ਛੋਟਾਂ
ਸਾਲ 2018 'ਚ ਓਨਟਾਰੀਓ 'ਚ 25 ਸਾਲ ਤੋਂ ਘੱਟ ਦੀ ਉਮਰ ਦੇ ਲੋਕਾਂ ਨੂੰ ਮੈਡੀਕਲ ਸਬੰਧੀ ਅਦਾਇਗੀਆਂ 'ਚ ਛੋਟ ਦਿੱਤੀ ਗਈ ਹੈ ਤੇ ਕਾਮਿਆਂ ਨੂੰ ਬੀਮਾਰ ਹੋਣ ਦੀ ਹਾਲਤ 'ਚ ਕੰਮ ਤੋਂ ਛੁੱਟੀ ਲੈਣ ਲਈ ਡਾਕਟਰਾਂ ਦੀਆਂ ਪਰਚੀਆਂ ਦਿਖਾਉਣ ਦੀ ਲੋੜ ਨਹੀਂ ਹੋਵੇਗੀ ਤੇ ਜੇਕਰ ਕਾਮਿਆਂ ਤੋਂ ਇਸ ਦੀ ਮੰਗ ਕੀਤੀ ਜਾਵੇਗਾ ਤਾਂ ਇਹ ਗੈਰ-ਕਾਨੂੰਨੀ ਹੋਵੇਗਾ। ਐਲਬਰਟਾ 'ਚ ਕਾਰਬਨ 'ਤੇ ਲੱਗਣ ਵਾਲਾ ਟੈਕਸ 20 ਡਾਲਰ ਪ੍ਰਤੀ ਟਨ ਤੋਂ ਵਧ ਕੇ 30 ਡਾਲਰ 'ਤੇ ਪਹੁੰਚ ਜਾਵੇਗਾ। ਜੇਕਰ ਸਮੂਹਿਕ ਤੌਰ 'ਤੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਲਬਰਟਾ ਵਾਸੀਆਂ 'ਤੇ ਇਸ ਦਾ ਅਸਰ ਪਵੇਗਾ। ਇਸ ਨਾਲ ਪੰਪਾਂ 'ਤੇ ਗੈਸ 'ਚ 2 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ।
ਟੈਕਸ ਬ੍ਰੇਕ
ਨਿਊ ਬ੍ਰਨਜ਼ਵਿਕਸ ਦੇ ਲੋਕਾਂ 'ਤੇ ਨਵੇਂ ਸਾਲ ਦੌਰਾਨ ਕੀਤੇ ਟੈਕਸ 'ਚ ਵਾਧੇ ਦਾ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਇਸ ਦੇ ਨਾਲ ਹੀ ਹਰ ਫਰਵਰੀ ਦੇ ਤੀਜੇ ਹਫਤੇ ਨੂੰ ਫੈਮਿਲੀ ਡੇਅ ਵਜੋਂ ਮਨਾਇਆ ਜਾਵੇਗਾ, ਜਿਸ 'ਚ ਵਧ ਟੈਕਸ ਵਾਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਇਕ ਬ੍ਰੇਕ ਮਿਲੇਗਾ ਤੇ ਇਸ ਦੌਰਾਨ ਕਿਊਬਿਕ ਦੇ ਲੋਕਾਂ ਨੂੰ 16 ਫੀਸਦੀ ਦੀ ਥਾਂ ਸਿਰਫ 15 ਫੀਸਦੀ ਹੀ ਆਮਦਨ 'ਤੇ ਟੈਕਸ ਦੇਣਾ ਪਵੇਗਾ। ਇਸ ਤੋਂ ਇਲਾਵਾ ਸੂਬੇ 'ਚ ਹਰ ਪਰਿਵਾਰ ਨੂੰ ਪ੍ਰਤੀ ਬੱਚਾ, ਜਿੰਨਾਂ ਦੀ ਉਮਰ 6 ਤੋਂ 17 ਸਾਲ ਦੇ ਵਿਚਕਾਰ ਹੈ, 100 ਡਾਲਰ ਦਿੱਤੇ ਜਾਣਗੇ, ਜਿਸ ਨਾਲ ਬੱਚਿਆਂ ਦੀ ਪੜਾਈ 'ਚ ਮਦਦ ਮਿਲ ਸਕੇ। ਪਰ ਜਿਸ ਵਿਅਕਤੀ ਦੀ 30,000 ਡਾਲਰ ਟੈਕਸਯੋਗ ਆਮਦਨ ਹੈ, ਉਸ ਨੂੰ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਬੋਟ ਤੇ ਮਾਈਕ੍ਰੋਬੀਡਜ਼ 'ਤੇ ਰੋਕ
ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ 'ਚ ਉੱਚ ਆਮਦਨ ਵਾਲਿਆਂ ਦੇ ਇਨਕਮ ਟੈਕਸ 'ਚ ਵਾਧਾ ਕੀਤਾ ਗਿਆ ਹੈ ਕਿਉਂਕਿ ਸੂਬਾ ਆਪਣੀ ਮੈਡੀਕਲ ਸਰਵਿਸ 'ਚ 50 ਫੀਸਦੀ ਕਟੌਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਓਨਟਾਰੀਓ ਦੇ ਕੁਝ ਹਿੱਸਿਆਂ 'ਚ ਕੱਪੜਿਆਂ 'ਤੇ ਲੱਗਣ ਵਾਲੇ ਟੈਗਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਹ ਨੁਕਸਾਨਦਾਇਕ ਹੋ ਸਕਦੇ ਹਨ। ਇਸ ਤੋਂ ਇਲਾਵਾ ਮਾਈਕ੍ਰੋਬੀਡਜ਼ 'ਤੇ ਵੀ ਰੋਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਾਈਕ੍ਰੋਬੀਡਜ਼ ਬਹੁਤ ਛੋਟੀਆਂ ਪਲਾਸਟਿਕ ਦੀਆਂ ਗੋਲੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਸ਼ੈਂਪੂ, ਸਕ੍ਰਬ ਤੇ ਸੁੰਦਰਤਾ ਉਤਪਾਦਾਂ 'ਚ ਕੀਤੀ ਜਾਂਦੀ ਹੈ। ਇਹ ਛੋਟੀਆਂ ਪਲਾਸਟਿਕ ਦੀਆਂ ਗੋਲੀਆਂ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੁੰਦੀਆਂ। ਇਹ ਪਲਾਸਟਿਕ ਦੀਆਂ ਗੋਲੀਆਂ ਜਲ ਮਾਰਗਾਂ ਰਾਹੀਂ ਮੱਛੀਆਂ ਤੇ ਸਮੁੰਦਰੀ ਜੀਵਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਪ੍ਰੋਡਕਟ 'ਤੇ ਕਈ ਇਲਾਕਿਆਂ 'ਚ 1 ਜਨਵਰੀ ਤੋਂ ਪਾਬੰਦੀ ਲਗਾਈ ਗਈ ਹੈ ਤੇ ਕੁਝ ਉਤਪਾਦਾਂ ਨੂੰ 1 ਜੁਲਾਈ ਤੱਕ ਛੋਟ ਦਿੱਤੀ ਗਈ ਹੈ।
ਮਾਰੀਜੁਆਨਾ ਦਾ ਕਾਨੂੰਨੀਕਰਨ
ਇਸ ਤੋਂ ਇਲਾਵਾ ਫੈਡਰਲ ਸਰਕਾਰ ਨੇ ਇਸ ਸਾਲ ਮਾਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਦਾ ਵੀ ਵਾਅਦਾ ਕੀਤਾ ਹੈ। ਹਾਲਾਂਕਿ ਇਹ ਮਾਨਤਾ ਗਰਮੀਆਂ ਦੌਰਾਨ ਦਿੱਤੇ ਜਾਣ ਦੀ ਆਸ ਹੈ।