
ਬਰੈਂਪਟਨ- ਕੈਨੇਡਾ ਪੁਲਸ ਵਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਬੀਤੇ ਦਿਨੀਂ ਬਰੈਂਪਟਨ ਕਮਰਸ਼ੀਅਲ ਪਲਾਜ਼ਾ ਵਿਚ ਹੋਈ ਪੰਜਾਬੀਆਂ ਦੀ ਫਾਈਟ ਸਬੰਧੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਫਾਈਟ ਵਿਚ ਇਕ ਨੌਜਵਾਨ ਜ਼ਖਮੀ ਵੀ ਹੋ ਗਿਆ ਸੀ।
ਪੀਲ ਰਿਜ਼ਨਲ ਪੁਲਸ ਦੇ ਇੰਸਪੈਕਟਰ ਰਾਜ ਬੜਿੰਗ ਨੇ ਦੱਸਿਆ ਕਿ 10 ਦਸੰਬਰ ਨੂੰ ਰਾਤ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਬਰੈਂਪਟਨ ਪਲਾਜ਼ਾ ਨਜ਼ਦੀਕ ਪੰਜਾਬੀਆਂ ਦੀ ਆਪਸੀ ਫਾਈਟ ਪਾਰਕਿੰਗ 'ਚ ਹੋ ਰਹੀ ਹੈ। ਜਦੋਂ ਤਕ ਪੁਲਸ ਮੌਕੇ 'ਤੇ ਪੁੱਜੀ ਤਾਂ ਉਥੋਂ ਸਾਰੇ ਪੰਜਾਬੀ ਨੌਜਵਾਨ ਉਥੋਂ ਜਾ ਚੁਕੇ ਸਨ ਪਰ ਇਕ 19 ਸਾਲਾ ਜ਼ਖਮੀ ਨੌਜਵਾਨ ਮੌਕੇ 'ਤੇ ਸੀ, ਜਿਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਵਿਚ 20 ਤੋਂ 25 ਨੌਜਵਾਨ ਆਪਸ ਵਿਚ ਡਾਂਗਾ ਤੇ ਹੋਰ ਹੱਥਿਆਰਾਂ ਨਾਲ ਲੜਦੇ ਵੇਖੇ ਗਏ ਹਨ। ਇੰਸਪੈਕਟਰ ਰਾਜ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਕੀਤੀ ਗਈ ਜਾਂਚ ਤੋਂ ਬਾਅਦ ਤਿੰਨ ਸ਼ੱਕੀ ਨੌਜਵਾਨਾਂ ਦੀ ਪਛਾਣ ਕੀਤੀ ਗਈ, ਜਿਨ੍ਹ੍ਹਾਂ ਨੂੰ ਸ਼ੁੱਕਰਵਾਰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਇਹ ਤਿੰਨ ਸ਼ੱਕੀ ਨੌਜਵਾਨ ਪੰਜਾਬੀ ਹਨ ਅਤੇ ਇਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ (20), ਕਰਨਬੀਰ ਸਿੰਘ (22) ਅਤੇ ਹਰਬੀਰ ਸਿੰਘ ਵਜੋਂ ਹੋਈ ਹੈ ਅਤੇ ਤਿੰਨੋਂ ਬਰੈਂਪਟਨ ਦੇ ਵਾਸੀ ਹਨ। ਸੰਭਾਵਨਾ ਹੈ ਕਿ ਪੁਲਸ ਇਨ੍ਹਾਂ ਨੂੰ 17 ਜਨਵਰੀ, 2018 ਤਕ ਅਦਾਲਚ ਵਿਚ ਪੇਸ਼ ਕਰੇਗੀ।