
ਬਰੈਂਪਟਨ- ਕੈਨੇਡਾ ਵਿੱਚ ਪਿਛਲੇ ਸਾਲ ਜਨਵਰੀ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਟਰੱਕ 'ਚ ਜ਼ਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਮਾਮਲੇ ਵਿਚ ਕੈਨੇਡਾ ਦੀ ਇਕ ਅਦਾਲਤ ਨੇ ਉਸ ਦੇ ਪਤੀ ਸੁਖਚੈਨ ਸਿੰਘ ਬਰਾੜ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਅਦਾਲਤ ਨੇ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਨਾ ਦੇਣ ਦਾ ਹੁਕਮ ਵੀ ਸੁਣਾਇਆ ਹੈ। ਜ਼ਿਕਰੇਯੋਗ ਹੈ ਕਿ ਪੰਜਾਬ ਦੇ ਮੋਗਾ ਜ਼ਿਲੇ ਨਾਲ ਸੰਬੰਧਤ ਸੁਖਚੈਨ ਸਿੰਘ ਬਰਾੜ ਜੋ ਕਿ ਕੈਨੇਡਾ ਟਰੱਕ ਚਲਾਉਂਦਾ ਸੀ ਅਤੇ ਕਬੱਡੀ ਕੁਮੈਂਟੇਟਰ ਵੀ ਰਹਿ ਚੁਕਿਆ ਹੈ, ਨੂੰ ਬਰੈਂਪਟਨ ਪੁਲਿਸ ਨੇ ਪਤਨੀ ਗੁਰਪ੍ਰੀਤ ਬਰਾੜ ਨੂੰ ਕਤਲ ਕਰਨ ਅਤੇ ਇਕ ਟਰੱਕ ਵਿਚ ਉਸ ਨੂੰ ਪਾ ਕੇ ਜ਼ਿੰਦਾ ਸਾੜਨ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ।
ਇਹ ਘਟਨਾ ਸਾਰਨੀਆਂ ਨਜ਼ਦੀਕ ਹਾਈਵੇ 402 'ਤੇ ਬੀਤੇ ਵਰ੍ਹੇ 30 ਅਤੇ 31 ਜਨਵਰੀ 2016 ਨੂੰ ਵਾਪਰੀ ਸੀ। ਹਾਲਾਂਕਿ ਖੁਦ ਸੁਖਚੈਨ ਸਿੰਘ ਬਰਾੜ ਨੇ ਪਿਛਲੀ ਪੇਸ਼ੀ ਦੌਰਾਨ ਆਪਣੇ ਗੁਨਾਹ ਕਬੂਲ ਕਰ ਲਏ ਸਨ ਅਤੇ ਸੁਖਚੈਨ ਬਰਾੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਟਰੱਕ ਰਾਹੀਂ ਟਰਾਂਟੋ ਤੋਂ ਅਮਰੀਕਾ ਵੱਲ ਜਾ ਰਹੇ ਸਨ ਪਰ ਰਾਹ ਵਿਚ ਉਨ੍ਹਾਂ ਦੋਵਾਂ ਦੀ ਆਪਸ ਵਿਚ ਲੜਾਈ ਹੋ ਗਈ ਹੈ।
ਸੁਖਚੈਨ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢ ਕੇ ਟਰੱਕ ਸਟਾਪ 'ਤੇ ਰੋਕਿਆ। ਗੁਰਪ੍ਰੀਤ ਨੇ ਜਦੋਂ ਇਹ ਗੱਲ ਕਹੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਉਸ ਦੀ ਹਾਲਤ ਪਾਗਲਾਂ ਜਿਹੀ ਹੋ ਗਈ ਅਤੇ ਬੇਹੱਦ ਬੇਕਾਬੂ ਹੋ ਗਿਆ। ਟਰੱਕ ਦੇ ਟਾਇਰਾਂ ਦਾ ਪ੍ਰੈਸ਼ਰ (ਹਵਾ) ਚੈੱਕ ਕਰਨ ਲਈ ਡਰਾਈਵਰ ਸੀਟ ਲਾਗੇ ਹਥੌੜਾ ਪਿਆ ਹੁੰਦਾ ਹੈ। ਸੁਖਚੈਨ ਦੇ ਦੱਸਣ ਮੁਤਾਬਕ ਲੜਾਈ ਦੌਰਾਨ ਉਹ 2 ਕਿਲੋ ਦਾ ਹਥੌੜਾ ਉਸ ਸਮੇਂ ਹਥਿਆਰ ਵਜੋਂ ਵਰਤਿਆ, ਜਦੋਂ ਗੁਰਪ੍ਰੀਤ ਨੇ ਦੋਵਾਂ ਹੱਥਾਂ ਨਾਲ ਗਲੇ ਤੋਂ ਫੜ ਕੇ ਸੁਖਚੈਨ ਉੱਪਰ ਹਮਲਾ ਕਰ ਦਿੱਤਾ।
ਸੁਖਚੈਨ ਨੇ ਗੁਰਪ੍ਰੀਤ ਨੂੰ ਧੱਕ ਕੇ ਸਲੀਪਰ ਬੰਕ (ਟਰੱਕ ਵਿੱਚ ਸੌਣ ਵਾਲੀ ਜਗ੍ਹਾ) ਉੱਪਰ ਸੁੱਟਿਆ ਅਤੇ ਹਥੌੜੇ ਨਾਲ ਵਾਰ ਕੀਤੇ। ਸਲੀਪਰ ਬੰਕ ਉੱਪਰ ਗੁਰਪ੍ਰੀਤ ਅੱਧਮਰੀ ਹੋ ਗਈ ਪਰ ਸੁਖਚੈਨ ਨੇ ਉਸ ਨੂੰ ਮਰ ਗਈ ਸਮਝਿਆ ਅਤੇ ਫਿਰ ਉਸ ਨੇ ਟਰੱਕ ਕੁੱਝ ਦੂਰ ਲਿਜਾ ਕੇ ਹਾਈਵੇਅ 'ਤੇ ਰੋਕਿਆ। ਇੱਥੇ ਡੀਜ਼ਲ ਛਿੜਕ ਕੇ ਟਰੱਕ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਸੁਖਚੈਨ ਨੇ ਪੁਲਿਸ ਨੂੰ ਝੂਠ ਬੋਲਿਆ ਕਿ ਟਰੱਕ ਨੂੰ ਅੱਗ ਲੱਗਣ ਬਾਰੇ ਉਹ ਕੁੱਝ ਨਹੀਂ ਜਾਣਦਾ। ਉਸ ਨੇ ਅਦਾਲਤ 'ਚ ਇਹ ਗੱਲ ਵੀ ਮੰਨੀ ਕਿ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ। ਅੱਜ ਫਿਰ ਸੁਖਚੈਨ ਬਰਾੜ ਨੇ ਆਪਣੇ ਪੁਰਾਣੇ ਬਿਆਨਾਂ ਨੂੰ ਹੀ ਦੁਹਰਾਇਆ, ਜਿਨ੍ਹਾਂ ਨੂੰ ਸੁਣ ਕੇ ਜੱਜ ਨੇ ਕਿਹਾ 'ਆਈ ਹੇਟ ਯੂ'। ਅੱਜ ਹੋਈ ਸੁਣਵਾਈ ਦੌਰਾਨ ਸੁਖਚੈਨ ਬਰਾੜ ਦੇ ਤਿੰਨੋਂ ਬੱਚੇ ਵੀ ਅਦਾਲਤ ਵਿਚ ਮੌਜੂਦ ਸਨ। ਜਿਨ੍ਹਾਂ ਸਾਹਮਣੇ ਜੱਜ ਥਾਮਸ ਬਰੂਸ ਨੇ ਕਿਹਾ ਕਿ ਸੁਖਚੈਨ ਦੋਸ਼ੀ ਹੈ, ਉਸ ਨਾਲ ਕੋਈ ਬੇਇਨਸਾਫੀ ਨਹੀਂ ਹੋਈ।