
ਕੈਨੇਡਾ ਦੀ ਕੇਂਦਰ ਸਰਕਾਰ ਨੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੀ ਸੁਵਿਧਾ ਲਈ ਪਰਸਨ ਆਫ ਇੰਡੀਅਨ ਆਰੀਜਨ (ਪੀ.ਆਈ.ਓ) ਕਾਰਡਾਂ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ.ਸੀ.ਆਈ.) 'ਚ ਤਬਦੀਲ ਕਰਵਾਉਣ ਦੀ ਮਿਆਦ 19 ਨਵੰਬਰ, 2018 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਸ ਦੀ ਤਰੀਕ 31 ਦਸੰਬਰ, 2017 ਤੱਕ ਹੀ ਸੀ।
ਕਾਰਡਾਂ ਲਈ ਇਕ ਜਨਵਰੀ ਤੋਂ ਫੀਸ ਦੇਣੀ ਪਵੇਗੀ। ਹਾਲਾਂਕਿ ਫੀਸ ਕਿੰਨੀ ਹੋਵੇਗੀ, ਇਹ ਅਜੇ ਤੱਕ ਤੈਅ ਨਹੀਂ ਕੀਤਾ ਗਿਆ। ਅਪ੍ਰੈਲ 2015 'ਚ ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੀ ਯਾਤਰਾ ਕੀਤੀ ਸੀ ਅਤੇ ਉਸ ਸਮੇਂ ਭਾਰਤੀਆਂ ਨੇ ਮੰਗ ਕੀਤੀ ਸੀ ਕਿ ਭਾਰਤ ਜਾਣ ਲਈ ਵੀਜ਼ਾ ਪ੍ਰਣਾਲੀ ਖਤਮ ਕੀਤੀ ਜਾਵੇ। ਇਸ ਮਗਰੋਂ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਉਨ੍ਹਾਂ ਦੇ ਪੀ.ਆਈ.ਓ ਕਾਰਡ ਰੱਦ ਕਰਕੇ ਓ.ਸੀ.ਆਈ. ਕਾਰਡ ਬਣਾਉਣ ਦੀ ਯੋਜਨਾ ਬਣਾਈ ਗਈ ਸੀ।
20 ਨਵੰਬਰ ਤੋਂ ਆਯੋਗ ਹੋ ਜਾਣਗੇ ਪੀ.ਆਈ.ਓ ਕਾਰਡ
ਟੋਰਾਂਟੋ ਸਥਿਤ ਕਾਂਸੁਲੇਟ ਜਨਰਲ ਕਾਉਂਸਲਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਨਿਰਦੇਸ਼ਾਂ ਮੁਤਾਬਕ 20 ਨਵੰਬਰ, 2018 ਤੋਂ ਪੀ.ਆਈ.ਓ ਕਾਰਡ ਅਯੋਗ ਹੋ ਜਾਣਗੇ , ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਰਹੇਗਾ।
ਕੈਨੇਡਾ 'ਚ ਰਹਿੰਦੇ ਤਕਰੀਬਨ 9 ਲੱਖ ਪੰਜਾਬੀ
ਕੈਨੇਡਾ 'ਚ ਰਹਿ ਰਹੇ ਭਾਰਤੀਆਂ 'ਚੋਂ ਤਕਰੀਬਨ 9 ਲੱਖ ਪੰਜਾਬੀ ਹਨ। ਪੰਜਾਬ ਤੋਂ ਹਰ ਸਾਲ 30-35000 ਲੋਕ ਪੀ.ਆਰ ਹੋ ਕੇ ਕੈਨੇਡਾ ਜਾਂਦੇ ਹਨ। ਪੀ.ਆਰ ਦੇ 3 ਸਾਲਾਂ ਬਾਅਦ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਹੈ।
ਓ. ਸੀ. ਆਈ. ਕਾਰਡ ਬਣਨ ਨਾਲ ਭਾਰਤ ਆਉਣ ਲਈ ਕਦੇ ਵੀ ਭਾਰਤੀ ਵੀਜ਼ੇ ਦੀ ਜ਼ਰੂਰਤ ਨਹੀਂ ਪਵੇਗੀ। ਪੀ.ਆਈ. ਓ. ਕਾਰਡ ਹੋਲਡਰ ਅਜੇ 15 ਸਾਲ ਤਕ ਹੀ ਬਿਨਾਂ ਵੀਜ਼ਾ ਭਾਰਤ ਆ ਸਕਦੇ ਹਨ।