
ਟੋਰਾਂਟੋ: ਅਮਰੀਕਾ 'ਚ ਜਿੱਥੇ ਨਸਲੀ ਵਿਤਕਰੇ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਕਈ ਪੀੜਤ ਮੌਤ ਦਾ ਸ਼ਿਕਾਰ ਵੀ ਹੋਏ। ਹੁਣ ਉਥੇ ਹੀ ਕੈਨੇਡਾ 'ਚ ਓਨਟਾਰੀਏ ਦੇ ਸ਼ਹਿਰ ਹੈਲਟਨ ਰੀਜ਼ਨ 'ਚ ਇਕ ਬਜ਼ੁਰਗ ਭਾਰਤੀ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚੋਂ ਬਰਾਮਦ ਹੋਈਆਂ। ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਘਰ ਜਿਹੜਾ ਕਿ ਬੇਸ਼ੀਅਰ ਡਰਾਈਵ ਅਤੇ ਸਮਰਹਿੱਲ ਸ੍ਰੀਸੇਂਟ 'ਤੇ ਸਥਿਤ ਹੈ, ਵਿਚ ਉਦੋਂ ਵਾਪਰੀ ਜਦੋਂ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਬਜ਼ੁਰਗ ਜੋੜੇ 'ਤੇ ਕਿਸੇ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5 ਵਜੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਦੇਖੀਆਂ, ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਦੋਸ਼ੀ ਫਰਾਰ ਦੱਸਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਅਣਪਛਾਤੇ ਵੱਲੋਂ ਉਸ ਬਜ਼ੁਰਗ ਜੋੜੇ ਦਾ ਕਤਲ ਕਿਉਂ ਕੀਤਾ।
ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਉਹ ਲੰਮੇ ਅਰਸੇ ਤੋਂ ਉਹ ਇਸ ਘਰ 'ਚ ਰਹਿ ਰਹੇ ਸਨ। ਉਨ੍ਹਾਂ ਦੀ ਇਕ ਧੀ ਹੈ, ਜਿਸ ਦੇ ਵਿਆਹ ਨੂੰ ਹਾਲੇ ਥੋੜਾ ਚਿਰ ਹੀ ਹੋਇਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਉਸ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।