
ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੇ ਟਕਰਾ ਜਾਣ ਨਾਲ ਇਕ ਜਹਾਜ਼ 'ਚ ਅੱਗ ਲੱਗ ਗਈ। ਇਸ ਮਗਰੋਂ ਉਸ 'ਚ ਸਵਾਰ ਘੱਟੋ-ਘੱਟ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗ੍ਰੇਟਰ ਟੋਰਾਂਟੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6.19 ਵਜੇ ਸਨਵਿੰਗ ਏਅਰਲਾਇੰਸ ਅਤੇ ਵੈੱਸਟਜੈੱਟ ਏਅਰਲਾਇੰਸ ਦੇ ਜਹਾਜ਼ ਆਪਸ 'ਚ ਟਕਰਾ ਗਏ। ਇਸਦੇ ਬਾਅਦ ਅੱਗ ਬੁਝਾਊ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਗਈ।
ਕੈਲਗਰੀ ਮੂਲ ਦੇ ਵੈੱਸਟਜੈੱਟ ਜਹਾਜ਼ ਦੇ ਅਧਿਕਾਰੀਆਂ ਮੁਤਾਬਕ ਮਾਮੂਲੀ ਰੂਪ ਤੋਂ ਜ਼ਖਮੀ ਹੋਏ ਲੋਕਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਸਾਰੇ 168 ਯਾਤਰੀਆਂ ਦੇ ਨਾਲ-ਨਾਲ ਪਾਇਲਟ ਕਰੂ ਵੀ ਸੁਰੱਖਿਅਤ ਹੈ। ਦੁਰਘਟਨਾ ਸਮੇਂ ਮੈਕਸੀਕੋ ਦੇ ਕੇਨਕੇਨ ਤੋਂ ਟੋਰਾਂਟੋ ਪੁੱਜਾ ਬੋਇੰਗ 737-800 ਜਹਾਜ਼ ਮੁੱਖ ਦਰਵਾਜ਼ੇ ਵੱਲ ਵਧ ਰਿਹਾ ਸੀ।
ਸਨਵਿੰਗ ਟਰੈਵਲਜ਼ ਮੁਤਾਬਕ ਦੁਰਘਟਨਾ ਸਮੇਂ ਜਹਾਜ਼ 'ਚ ਕੋਈ ਯਾਤਰੀ ਜਾਂ ਜਹਾਜ਼ ਕਰਮਚਾਰੀ ਨਹੀਂ ਸੀ ਅਤੇ ਹਵਾਈ ਅੱਡੇ 'ਤੇ ਦੇਖਭਾਲ ਨਾਲ ਸੰਬੰਧਤ ਸਵਿਸਪੋਰਟ ਇੰਟਰਨੈਸ਼ਨਲ ਲਿਮਟਿਡ ਏਜੰਸੀ ਦੇ ਵਾਹਨ ਨਾਲ ਜਹਾਜ਼ ਖਿੱਚ ਕੇ ਲੈ ਜਾਇਆ ਜਾ ਰਿਹਾ ਸੀ। ਕੈਨੇਡਾ ਦੇ ਆਵਾਜਾਈ ਕੰਟਰੋਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੁਰਘਟਨਾ ਦੀ ਜਾਂਚ ਲਈ ਇਕ ਦਲ ਹਵਾਈ ਅੱਡੇ ਭੇਜ ਦਿੱਤਾ ਗਿਆ ਹੈ।