
ਵੈਨਕੂਵਰ : ਕੈਨੇਡਾ ਦਾ ਸਭ ਤੋਂ ਸਰਗਰਮ ਰੀਅਲ ਅਸਟੇਟ ਬਜ਼ਾਰ ਰਹੇ ਵੈਨਕੂਵਰ 'ਚ ਫਰਵਰੀ ਮਹੀਨੇ ਦੌਰਾਨ ਡਿਟੈਚਡ ਮਕਾਨਾਂ ਦੀ ਵਿਕਰੀ 'ਚ ਪਿਛਲੇ ਸਾਲ ਮੁਕਾਬਲੇ 39.4 ਫੀਸਦੀ ਦੀ ਗਿਰਾਵਟ ਆਈ ਹੈ। ਰੀਅਲ ਅਸਟੇਟ ਬੋਰਡ ਆਫ ਗ੍ਰੇਟ ਵੈਨਕੂਵਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਵਿਕਰੀ 'ਚ ਗਿਰਾਵਟ ਲਈ ਕਈ ਤੱਥ ਜ਼ਿੰਮੇਦਾਰ ਮੰਨੇ ਜਾ ਸਕਦੇ ਹਨ, ਜਿਨ੍ਹਾਂ 'ਚ ਵਿਦੇਸ਼ੀ ਖਰੀਦਦਾਰ ਟੈਕਸ, ਵਿਆਜ ਦਰਾਂ 'ਚ ਵਾਧਾ ਤੇ ਮੌਰਗੇਜ ਦੇ ਨਵੇਂ ਨਿਯਮ ਸ਼ਾਮਿਲ ਹਨ।
ਰੀਅਲ ਅਸਟੇਟ ਮੁਖੀ ਜਿਮ ਔਡਿਲ ਨੇ ਦੱਸਿਆ ਕਿ ਡਿਟੈਚਡ ਮਕਾਨਾਂ ਦੀ ਵਿਕਰੀ 'ਚ ਕਮੀ ਦੇ ਬਾਵਜੂਦ ਪਿਛਲੇ 6 ਮਹੀਨੇ ਦੌਰਾਨ ਸਿਰਫ .8 ਫੀਸਦੀ ਕਮੀ ਦਰਜ ਕੀਤੀ ਗਈ। ਗ੍ਰੇਟਰ ਵੈਨਕੂਵਰ ਵਿਖੇ ਫਰਵਰੀ ਦੌਰਾਨ ਇਕ ਡਿਟੈਚਡ ਮਕਾਨ ਦੀ ਔਸਤ ਕੀਮਤ 16 ਲੱਖ ਡਾਲਰ ਦੇ ਲੱਗਭਗ ਰਹੀ। ਪਿਛਲੇ ਪੰਜ ਸਾਲਾਂ 'ਚ ਡਿਟੈਚਡ ਮਕਾਨਾਂ ਦੀਆਂ ਕੀਮਤਾਂ 'ਚ 77 ਫੀਸਦੀ ਦਾ ਵਾਧਾ ਹੋਇਆ ਹੈ। ਉੱਚੀਆਂ ਕੀਮਤਾਂ ਕਾਰਨ ਵੱਡੀ ਗਿਣਤੀ 'ਚ ਖਰੀਦਦਾਰਾਂ ਨੇ ਕੌਂਡੋ ਬਜ਼ਾਰ ਵੱਲ ਰੁਖ ਕੀਤਾ। ਇਸ ਸਾਲ ਵੈਨਕੂਵਰ 'ਚ ਕੌਂਡੋ ਦੀ ਔਸਤ ਕੀਮਤ 6,82,800 ਡਾਲਰ ਦਰਜ ਕੀਤੀ ਗਈ, ਜੋ ਕਿ ਬੀਤੇ ਸਾਲ ਦੇ ਮੁਕਾਬਲੇ 27 ਫੀਸਦੀ ਜ਼ਿਆਦਾ ਹੈ ਪਰ ਬਾਵਜੂਦ ਇਸ ਦੇ ਕੌਂਡੋਜ਼ 'ਚ 7 ਫੀਸਦੀ ਗਿਰਾਵਟ ਦਰਜ ਕੀਤੀ ਗਈ।
ਰੀਅਲ ਅਸਟੇਟ 'ਚ ਮੰਦੀ ਦਾ ਰੁਝਾਨ ਸਿਰਫ ਵੈਨਕੂਵਰ 'ਚ ਹੀ ਦੇਖਣ ਨੂੰ ਨਹੀਂ ਮਿਲ ਰਿਹਾ ਬਲਕਿ ਟੋਰਾਂਟੋ ਵੀ ਇਸ ਨਾਲ ਪ੍ਰਭਾਵਿਤ ਹੈ। ਜੀਟੀਏ 'ਚ ਜਨਵਰੀ 2018 'ਚ ਇਕ ਮਕਾਨ ਦੀ ਔਸਤ ਕੀਮਤ 6,31372 ਡਾਲਰ ਦੇ ਕਰੀਬ ਰਹੀ ਜੋ ਮਾਰਚ 2017 'ਚ 7,98,670 ਡਾਲਰ ਦਰਜ ਕੀਤੀ ਗਈ ਸੀ। ਟੋਰਾਂਟੋ ਰੀਅਲ ਅਸਟੇਟ ਬੋਰਡ ਮੁਤਾਬਕ ਜਨਵਰੀ ਦੌਰਾਨ ਜੀਟੀਏ 'ਚ 4019 ਮਕਾਨ ਵਿਕੇ ਜਦਕਿ ਇਕ ਸਾਲ ਪਹਿਲਾਂ ਇਹ ਅੰਕੜਾ 5155 ਦਰਜ ਕੀਤਾ ਗਿਆ ਸੀ। ਮਹੀਨਾ-ਦਰ-ਮਹੀਨਾ ਮਕਾਨਾਂ ਦੀ ਵਿਕਰੀ ਦੇ ਅੰਕੜਿਆਂ ਦੇ ਹਿਸਾਬ ਨਾਲ ਜੀਟੀਏ 'ਚ ਮਕਾਨਾਂ ਦੀ ਵਿਕਰੀ 18 ਫੀਸਦੀ ਹੇਠਾਂ ਆਈ ਹੈ। ਰੀਅਲ ਅਸਟੇਟ ਬੋਰਡ ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਰੀਅਲ ਅਸਟੇਟ ਬਜ਼ਾਰ 'ਚ ਤੇਜ਼ੀ ਆਉਣ ਦੀ ਉਮੀਦ ਹੈ।