
ਓਟਾਵਾ: ਆਰਥਿਕ ਪ੍ਰਭਾਵ, ਸ਼ਕਤੀ, ਨਾਗਰਿਕਤਾ ਅਤੇ ਜ਼ਿੰਦਗੀ ਦੇ ਮਿਆਰ ਆਦਿ ਵਰਗੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਗਈ ਨਵੀਂ ਦਰਜੇਬੰਦੀ 'ਚ ਸਾਲ 2018 'ਚ ਸਵਿਟਜ਼ਰਲੈਂਡ ਨੂੰ ਦੁਨੀਆ ਦਾ ਨੰਬਰ 1 ਦੇਸ਼ ਐਲਾਨਿਆ ਗਿਆ ਹੈ ਜਦਕਿ ਕੈਨੇਡਾ ਇਸ ਲਿਸਟ 'ਚ ਦੂਜੇ ਸਥਾਨ 'ਤੇ ਰਿਹਾ।
ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟਸ ਬੈਸਟ ਕੰਟਰੀਜ਼ ਰਿਪੋਰਟ ਦੀ ਲਿਸਟ 'ਚ ਸਵਿਟਜ਼ਰਲੈਂਡ ਦੂਜੀ ਵਾਰੀ ਸਿਖਰ 'ਤੇ ਰਿਹਾ। ਇਸ ਦੌਰਾਨ 80 ਦੇਸ਼ਾਂ ਦੇ ਹਾਲਾਤ ਦਾ ਮੁਲਾਂਕਣ ਕੀਤਾ ਗਿਆ। ਵਿਸ਼ਲੇਸ਼ਕਾਂ ਮੁਤਾਬਕ ਸਵਿਟਜ਼ਰਲੈਂਡ ਤੋਂ ਬਾਅਦ ਪਹਿਲੀਆਂ ਪੰਜ ਥਾਂਵਾਂ ਹਾਸਲ ਕਰਨ ਵਾਲੇ ਦੇਸ਼ਾਂ 'ਚ ਕੈਨੇਡਾ, ਜਰਮਨੀ, ਯੂ. ਕੇ. ਅਤੇ ਜਾਪਾਨ ਸ਼ਾਮਲ ਹਨ। ਇਨ੍ਹਾਂ ਸਾਰੇ ਦੇਸ਼ਾਂ 'ਚ ਪ੍ਰੋਗਰੈਸਿਵ ਸੋਸ਼ਲ ਅਤੇ ਐਨਵਾਇਰਮੈਂਟਲ ਨੀਤੀਆਂ ਦਾ ਜ਼ੋਰ ਹੈ।
ਸਵੀਡਨ, ਫਿਨਲੈਂਡ, ਡੈਨਮਾਰਕ ਅਤੇ ਨਾਰਵੇ ਵਰਗੇ ਦੇਸ਼ਾਂ ਨੂੰ ਵੀ ਇਸ ਲਿਸਟ 'ਚ ਅਹਿਮ ਸਥਾਨ ਹਾਸਲ ਹੋਇਆ। ਅਜਿਹਾ ਇਨ੍ਹਾਂ ਦੇਸ਼ਾਂ ਦੀਆਂ ਪ੍ਰੋਗਰੈਸਿਵ ਸਮਾਜਕ ਨੀਤੀਆਂ ਕਾਰਨ ਹੋਇਆ। ਮਿਸਾਲ ਵਜੋਂ ਡੈਨਮਾਰਕ ਨੂੰ ਔਰਤਾਂ ਦੇ ਲਿਹਾਜ ਨਾਲ ਅਤੇ ਬੱਚਿਆਂ ਦੀ ਪਰਵਰਿਸ਼ ਦੇ ਲਿਹਾਜ ਨਾਲ ਬਿਹਤਰ ਦੇਸ਼ ਐਲਾਨਿਆ ਗਿਆ ਜਦਕਿ ਨਾਰਵੇ ਨੂੰ ਸਿਟੀਜ਼ਨਸ਼ਿਪ ਲਈ ਉੱਚ ਦਰਜਾ ਦਿੱਤਾ ਗਿਆ।
ਇਸ ਦਰਜੇਬੰਦੀ ਲਈ ਮਾਡਲ ਤਿਆਰ ਕਰਨ ਲਈ ਵਾਈ. ਐਂਡ. ਆਰ. ਦੇ ਬੀ. ਏ. ਵੀ. ਗਰੁੱਪ ਨੇ ਮਦਦ ਕੀਤੀ। ਵਾਈ. ਐਂਡ. ਆਰ. ਗਲੋਬਲ ਦੇ ਸੀ. ਈ. ਓ. ਡੇਵਿਡ ਸੇਬਲ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਇਸ ਸਾਲ ਦਰਜੇਬੰਦੀ 'ਚ ਉੱਚ ਸਥਾਨ ਹਾਸਲ ਕਰਨ ਵਾਲੇ ਦੇਸ਼ਾਂ ਨੇ ਇਕ ਵਾਰੀ ਫਿਰ ਸਿੱਧ ਕਰ ਦਿੱਤਾ ਹੈ ਕਿ ਫੌਜ ਜਾਂ ਆਰਥਿਕ ਤਾਕਤ ਹੁਣ ਕਿਸੇ ਦੇਸ਼ ਦੀ ਤਰੱਕੀ ਦੇ ਮੁੱਖ ਨੁਕਤੇ ਨਹੀਂ ਰਹਿ ਗਏ ਹਨ। ਇਸ ਲਿਸਟ 'ਚ ਥਾਂ ਬਣਾਉਣ ਵਾਲੇ ਦਸ ਦੇਸ਼ ਹੇਠ ਲਿਖੇ ਮੁਤਾਬਕ ਹਨ।
1. ਸਵਿਟਜ਼ਰਲੈਂਡ
2. ਕੈਨੇਡਾ
3. ਜਰਮਨੀ
4. ਯੂਨਾਈਟਿਡ ਕਿੰਗਡਮ
5. ਜਾਪਾਨ
6. ਸਵੀਡਨ
7. ਆਸਟਰੇਲੀਆ
8. ਅਮਰੀਕਾ
9. ਫਰਾਂਸ
10. ਨੀਦਰਲੈਂਡ
- ਨਵਾਂ ਕਾਰੋਬਾਰ ਸ਼ੁਰੂ ਕਰਨ ਲਈ : ਥਾਈਲੈਂਡ
- ਕਿਸੇ ਕਾਰਪੋਰੇਸ਼ਨ ਦੇ ਹੈੱਡਕੁਆਰਟਰ ਲਈ : ਸਵਿਟਜ਼ਰਲੈਂਡ
- ਸਭ ਤੋਂ ਸ਼ਕਤੀਸ਼ਾਲੀ : ਅਮਰੀਕਾ
- ਔਰਤਾਂ ਲਈ : ਡੈਨਮਾਰਕ
- ਸਿੱਖਿਆ ਲਈ : ਯੂ. ਕੇ.
- ਰਿਟਾਇਰਮੈਂਟ ਤੋਂ ਬਾਅਦ ਦੀ ਸੁਖਾਲੀ ਜ਼ਿੰਦਗੀ ਲਈ: ਨਿਊਜ਼ੀਲੈਂਡ