
ਕੈਲਗਰੀ ਦੇ ਮੌਜੂਦਾ ਸੰਸਦ ਮੈਂਬਰ ਦਾ ਨਗਰ ਕੀਰਤਨ ਵਿਚ ਸ਼ਮੂਲੀਅਤ ਵਾਲਾ ਸੱਦਾ ਪੱਤਰ ਰੱਦ
ਕੈਲਗਰੀ (ਕੈਨੇਡਾ), 5 ਮਾਰਚ (ਸਰਬਜੀਤ ਸਿੰਘ ਬਨੂੜ): ਕੈਨੇਡਾ ਦੇ ਸਿੱਖ ਸੰਘਣੀ ਆਬਾਦੀ ਵਾਲੇ ਸ਼ਹਿਰ ਕੈਲਗਰੀ ਵਿਚ ਸਿੱਖਾਂ ਨੇ ਕੈਨੇਡਾ ਵਿਚ ਸਿੱਖ ਵਿਰੋਧੀ ਮਤਾ ਲਿਆਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਕੰਜ਼ਰਵੇਟਿਵ ਸੰਸਦ ਮੈਂਬਰ ਦੀਪਕ ਓਬਰਾਏ ਬਾਰੇ ਸਖ਼ਤ ਫੈਸਲਾ ਲਿਆ ਹੈ। ਗੁਰਦਵਾਰਾ ਦਸਮੇਸ਼ ਕਲਚਰਲ ਸੁਸਾਇਟੀ ਕੈਲਗਰੀ ਨੇ ਅੱਜ ਭਰੇ ਦੀਵਾਨ ਵਿਚ ਪ੍ਰਧਾਨ ਸ. ਰਣਬੀਰ ਸਿੰਘ ਪਰਮਾਰ ਨੇ ਮੌਜੂਦਾ ਸਥਾਨਕ ਸੰਸਦ ਮੈਂਬਰ ਦੀਪਕ ਉਬਰਾਏ ਵਲੋਂ ਸਿੱਖਾਂ ਦਾ ਸਮਾਜ ਵਿਚ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਅਤੇ ਗੁਰਦਵਾਰਾ ਕਮੇਟੀ ਵਲੋਂ ਉਨ੍ਹਾਂ ਨੂੰ ਮਈ ਮਹੀਨੇ ਹੋਣ ਵਾਲੇ ਵਿਸਾਖੀ ਨਗਰ ਕੀਰਤਨ ਲਈ ਦਿਤਾ ਗਿਆ ਸੱਦਾ ਪੱਤਰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਕੈਲਗਰੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੌਜੂਦਾ ਸੰਸਦ ਮੈਂਬਰ ਦਾ ਸੱਦਾ ਪੱਤਰ ਵਾਪਸ ਲਿਆ ਗਿਆ ਹੋਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਮੂਲ ਦੇ ਸੰਸਦ ਮੈਂਬਰ ਵਲੋਂ ਭਾਰਤ ਦੇ ਹੱਕ ਤੇ ਸਿੱਖ ਵਿਰੋਧੀ ਮਤਾ ਲਿਆਉਣ ਦੀ ਤਿਆਰੀ ਕੀਤੀ ਗਈ ਸੀ ਪਰ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਇਸ ਮਤਾ ਦਾ ਭਾਰੀ ਵਿਰੋਧ ਹੋਣ ਉਪਰੰਤ ਤੇ ਆਉਣ ਵਾਲੀ ਜਨਰਲ ਚੌਣਾ ਦੇ ਮੱਦੇਨਜ਼ਰ ਪਾਰਟੀ ਵਲੋਂ ਸਿੱਖ ਵਿਰੋਧੀ ਮਤਾ ਵਾਪਸ ਲੈ ਗਿਆ ਹੈ ਪਰ ਕੁਝ ਮਹੀਨੇ ਪਹਿਲਾਂ ਭਾਰਤ ਤੋਂ ਬਾਹਰ ਸਿੱਖਾਂ ਨੇ ਵਿਦੇਸ਼ਾਂ ਵਿਚ ਭਾਰਤੀ ਅਧਿਕਾਰੀਆਂ ਦੀ ਸਰਕਾਰੀ ਤੌਰ 'ਤੇ ਗੁਰਦਵਾਰਿਆਂ ਵਿਚ ਪਾਬੰਦੀ ਤੋਂ ਬਾਅਦ ਸਿੱਖ ਵਿਰੋਧੀ ਸੰਸਦ ਮੈਂਬਰਾਂ ਦੇ ਵਿਰੁਧ ਵੀ ਸਿੱਖਾਂ ਨੇ ਸਖ਼ਤ ਸਟੈਂਡ ਲਿਆ ਹੈ ਜਿਸ ਦਾ ਜਨਰਲ ਚੋਣਾਂ ਵਿਚ ਅਸਰ ਹੋਣਾ ਲਾਜ਼ਮੀ ਹੋਵੇਗਾ।