
ਵੈਨਕੁਵਰ: ਕੈਨੇਡਾ ਦੇ ਸ਼ਹਿਰ ਵੈਨਕੁਵਰ ਦਾ ਇਕ ਸੰਗੀਤਕਾਰ ਜਾਪਾਨ 'ਚ 7 ਮਿਲੀਅਨ ਡਾਲਰਾਂ ਦੀ ਡਰੱਗਜ਼ ਸਮੇਤ ਫੜਿਆ ਗਿਆ ਸੀ ਤੇ ਇਸ ਸਮੇਂ ਉਹ ਸਲਾਖਾਂ ਪਿੱਛੇ ਹੈ। ਇਸ ਦੋਸ਼ੀ ਦੀ ਪਛਾਣ ਦਾਨ ਸਕੁਮ ਦੇ ਨਾਂ ਤੋਂ ਹੋਈ ਹੈ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ 11 ਦਸੰਬਰ ਨੂੰ ਦਾਨ ਸਕੁਮ ਜਾਪਾਨ ਦੇ ਹਵਾਈ ਅੱਡੇ ਟੋਕੀਓ ਤੋਂ ਫੜਿਆ ਗਿਆ ਸੀ। ਜਾਪਾਨੀ ਪੁਲਿਸ ਨੇ ਦੱਸਿਆ ਕਿ 9.8 ਕਿਲੋ ਕੋਕੀਨ ਨੂੰ ਦੋਸ਼ੀ ਨੇ ਆਪਣੀ ਗਿਟਾਰ 'ਚ ਛੁਪਾ ਕੇ ਰੱਖਿਆ ਸੀ।
ਇਸ ਨੇ ਬਹੁਤ ਹੀ ਚਲਾਕੀ ਨਾਲ ਗਿਟਾਰ ਦੇ ਹੇਠਾਂ ਦੇ ਕਵਰ 'ਚ ਪਹਿਲਾਂ ਨਸ਼ਾ ਛੁਪਾਇਆ ਤੇ ਫਿਰ ਇਸ ਦੇ ਉੱਪਰ ਹੋਰ ਸਮਾਨ ਰੱਖ ਦਿੱਤਾ ਤਾਂ ਕਿ ਕਿਸੇ ਨੂੰ ਇਸ 'ਤੇ ਸ਼ੱਕ ਨਾ ਪਵੇ। ਪੁਲਿਸ ਨੇ ਦੱਸਿਆ ਕਿ ਜਦ ਦਾਨ ਸਕੁਮ ਫਲਾਈਟ ਰਾਹੀਂ ਵੈਨਕੁਵਰ ਤੋਂ ਜਾਪਾਨ ਪੁੱਜਾ ਤਾਂ ਉਸ ਨੂੰ ਜਾਪਾਨੀ ਕਸਟਮ ਅਧਿਕਾਰੀਆਂ ਨੇ ਜਾਂਚ ਦੌਰਾਨ ਫੜ ਲਿਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਸ਼ੀ 'ਤੇ ਉਸ ਸਮੇਂ ਸ਼ੱਕ ਪਿਆ ਜਦ ਉਹ ਵਾਰ-ਵਾਰ ਪਸੀਨੇ ਨਾਲ ਭਿੱਜ ਰਿਹਾ ਸੀ। ਇਸ ਖਬਰ ਮਗਰੋਂ ਲੋਕਾਂ ਨੇ ਇਸ ਦੋਸ਼ੀ ਦੇ ਨਾਂ ਕਈ ਸਾਰੀਆਂ ਪੋਸਟਾਂ ਪਾਈਆਂ। ਫਿਲਹਾਲ ਦੋਸ਼ੀ ਸਲਾਖਾਂ ਪਿੱਛੇ ਹੈ ਅਤੇ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ।