
ਸਿਡਨੀ, 5
ਸਤੰਬਰ : ਆਸਟ੍ਰੇਲੀਆ 'ਚ ਇਕ 21 ਸਾਲਾ ਨੌਜਵਾਨ ਦੀ ਕਾਰ ਸੁਨਸਾਨ ਇਲਾਕੇ 'ਚ ਹਾਦਸਾਗ੍ਰਸਤ
ਹੋ ਗਈ, ਜਿਸ ਕਾਰਨ ਉਸ ਨੂੰ ਦੋ ਦਿਨ 'ਚ ਲਗਪਗ 150 ਕਿਲੋਮੀਟਰ ਪੈਦਲ ਚਲਨਾ ਪਿਆ। ਇਸ
ਦੌਰਾਨ ਉਸ ਨੂੰ ਜ਼ਿੰਦਾ ਰਹਿਣ ਲਈ ਅਪਣਾ ਪੇਸ਼ਾਬ ਤਕ ਪੀਣਾ ਪਿਆ।
ਪੇਸ਼ੇ ਤੋਂ ਟੈਕਨੀਸ਼ਿਅਨ
ਥੋਮਸ ਮੇਸਨ ਪਿਛਲੇ ਹਫ਼ਤੇ ਉੱਤਰੀ ਟੈਰਟਰੀ ਅਤੇ ਦਖਣੀ ਆਸਟ੍ਰੇਲੀਆ 'ਚ ਕੰਮ ਕਰ ਰਿਹਾ ਸੀ।
ਕੰਮ ਪੂਰਾ ਕਰਨ ਤੋਂ ਬਾਅਦ ਉਹ ਅਪਣੀ ਕਾਰ 'ਚ ਵਾਪਰ ਪਰਤ ਰਿਹਾ ਸੀ, ਪਰ ਅਚਾਨਕ ਜੰਗਲੀ
ਊਂਟਾਂ ਦਾ ਇਕ ਝੁੰਡ ਉਸ ਦੀ ਕਾਰ ਅੱਗੇ ਆ ਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ
ਗਿਆ। ਹਾਲਾਂਕਿ ਇਸ ਹਾਦਸੇ 'ਚ ਮੇਸਨ ਨੂੰ ਕੋਈ ਸੱਟ ਨਹੀਂ ਲੱਗੀ।
ਪੁਲਿਸ ਨੇ ਦਸਿਆ ਕਿ
ਹਾਦਸੇ ਵਾਲੀ ਥਾਂ ਤੋਂ ਜਿਹੜਾ ਨਜ਼ਦੀਕੀ ਸੂਬਾ ਸੀ, ਉਹ ਲਗਭਗ 150 ਕਿਲੋਮੀਟਰ ਦੂਰ ਸੀ।
ਉਹ ਦੋ ਦਿਨ ਲਗਾਤਾਰ ਪੈਦਲ ਚਲਿਆ। ਇਸ ਦੌਰਾਨ ਉਸ ਨੇ ਅਪਣਾ ਪੇਸ਼ਾਬ ਪੀ ਕੇ ਖ਼ੁਦ ਨੂੰ
ਜ਼ਿੰਦਾ ਰਖਿਆ। ਮੇਸਨ ਨੇ ਇਕ ਟੀ.ਵੀ. ਚੈਨਲ ਨੂੰ ਦਸਿਆ, ''ਮੈਂ ਇਹ ਜਾਣਦਾ ਸੀ ਕਿ ਜੇ ਮੈਂ
ਉਥੇ ਰੁਕਿਆ ਰਹਾਂਗਾ ਤਾਂ ਮਰ ਜਾਵਾਂਗਾ ਜਾਂ ਹਾਈਵੇਅ 'ਚੇ ਪਹੁੰਚ ਜਾਵਾਂਗਾ। ਜਿਥੇ ਕੋਈ
ਮੈਨੂੰ ਵੇਖ ਲਵੇ।'' ਉਸ ਸਮੇਂ ਮੇਸਨ ਕੋਲ ਕੋਈ ਖਾਣ ਦੀ ਚੀਜ ਵੀ ਨਹੀਂ ਸੀ। ਉਸ ਕੋਲ ਸਿਰਫ਼
ਇਕ ਟੋਰਚ ਸੀ, ਜਿਸ ਦੇ ਸਹਾਰੇ ਉਹ ਹਨੇਰੇ 'ਚ ਵੀ ਚਲਦਾ ਰਿਹਾ। ਉਸ ਦੇ ਫ਼ੋਨ 'ਚ ਸਿਗਨਲ
ਨਹੀਂ ਆ ਰਹੇ ਸਨ, ਜਿਸ ਕਾਰਨ ਉਸ ਕਿਸੇ ਨਾਲ ਸੰਪਰਕ ਵੀ ਨਹੀਂ ਕਰ ਸਕਿਆ।
ਮੇਸਨ ਨੇ
ਦਸਿਆ ਕਿ ਜਦੋਂ ਉਹ ਪੈਦਲ ਚਲ ਰਿਹਾ ਸੀ ਤਾਂ ਉਸ ਨੂੰ ਰਸਤੇ 'ਚ ਪਾਣੀ ਦਾ ਇਕ ਟੈਂਕ ਅਤੇ
ਬੋਤਲ ਮਿਲੀ, ਪਰ ਪਾਣੀ ਖ਼ਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਪਣਾ ਪੇਸ਼ਾਬ ਪੀਣਾ ਪਿਆ।
ਜਦੋਂ ਮੇਸਨ ਨਾਲ ਦੋ ਦਿਨ ਤਕ ਕੋਈ ਸੰਪਰਕ ਨਹੀਂ ਹੋਇਆ ਤਾਂ ਉਸ ਦੀ ਮਾਂ ਨੂੰ ਲੱਗਾ ਕਿ ਉਸ
ਦੇ ਬੇਟੇ ਨਾਲ ਕੁਝ ਗ਼ਲਤ ਹੋਇਆ ਹੈ ਅਤੇ ਉਨ੍ਹਾਂ ਨੇ ਆਪਾਤਕਾਲ ਸੇਵਾ ਨੂੰ ਇਸ ਬਾਰੇ
ਸੂਚਨਾ ਦਿਤੀ। ਇਸ ਤੋਂ ਬਾਅਦ ਮੇਸਨ ਨੂੰ ਬਚਾਅ ਟੀਮ ਨੇ ਲੱਭ ਲਿਆ। ਪੁਲਿਸ ਨੇ ਦਸਿਆ ਕਿ
ਹਾਲੇ ਮੇਸਨ ਦਾ ਇਲਾਜ ਚਲ ਰਿਹਾ ਹੈ, ਪਰ ਉਸ ਦੀ ਸਿਹਤ ਬਿਲਕੁਲ ਠੀਕ ਹੈ।