
ਵਾਸ਼ਿੰਗਟਨ/ਇਸਲਾਮਾਬਾਦ, 10 ਜਨਵਰੀ : ਅਮਰੀਕਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪਾਕਿਸਤਾਨ 'ਗੱਲਬਾਤ ਦੀ ਮੇਜ਼ 'ਤੇ ਆਵੇਗਾ' ਅਤੇ ਉਨ੍ਹਾਂ ਅਤਿਵਾਦੀ ਸੰਗਠਨਾਂ ਦਾ ਸਾਹਮਣਾ ਕਰਨ ਦੀ ਇੱਛਾ ਜ਼ਾਹਰ ਕਰੇਗਾ, ਜੋ ਜ਼ਮੀਨ ਤੋਂ ਅਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ। ਅਮਰੀਕਾ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਇਸਲਾਮਾਬਾਦ ਨੇ ਅਮਰੀਕਾ ਨਾਲ ਫ਼ੌਜੀ ਅਤੇ ਖ਼ੁਫੀਆ ਸਹਿਯੋਗ ਰੋਕ ਦਿਤੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਅਮਰੀਕਾ ਨੂੰ ਝੂਠ ਅਤੇ ਧੋਖੇ ਦੇ ਇਲਾਵਾ ਕੁਝ ਨਹੀਂ ਦਿਤਾ ਅਤੇ ਨਾਲ ਹੀ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਕਰੀਬ 2 ਅਰਬ ਡਾਲਰ ਦੀ ਸੁਰੱਖਿਆ ਮਦਦ ਰੋਕ ਦਿਤੀ ਸੀ।ਮੀਡੀਆ ਰੀਪੋਰਟਾਂ ਮੁਤਾਬਕ ਟਰੰਪ ਦੇ ਇਸ ਬਿਆਨ ਮਗਰੋਂ ਪਾਕਿਸਤਾਨ ਨੇ ਅਮਰੀਕਾ ਨਾਲ ਫ਼ੌਜੀ ਅਤੇ ਖ਼ੁਫੀਆ ਸਹਿਯੋਗ ਰੋਕਣ ਦਾ ਫੈਸਲਾ ਲਿਆ ਹੈ।
ਪਾਕਿਸਤਾਨ ਦੇ ਇਸ ਕਦਮ 'ਤੇ ਟਿੱਪਣੀ ਕਰਦੇ ਹੋਏ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਵ ਗੋਲਡਸਟੀਨ ਨੇ ਕਿਹਾ ਕਿ ਭਵਿੱਖ 'ਚ ਸਾਨੂੰ ਪਾਕਿਸਤਾਨ ਤੋਂ ਸਹਿਯੋਗ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, ''ਅਸੀਂ ਕੋਈ ਫ਼ਰਕ ਕਿਤੇ ਬਿਨਾਂ ਸਾਰੇ ਅਤਿਵਾਦੀਆਂ ਨਾਲ ਨਜਿੱਠਣ ਵਿਚ ਪਾਕਿਸਤਾਨ ਨਾਲ ਕੰਮ ਕਰਨ ਲਈ ਤਿਆਰ ਹਾਂ। ਸਾਨੂੰ ਉਮੀਦ ਹੈ ਕਿ ਪਾਕਿਸਤਾਨ ਅਪਣੀ ਜ਼ਮੀਨ ਤੋਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ ਤਾਲੀਬਾਨ ਨੈਟਵਰਕ, ਹੱਕਾਨੀ ਨੈਟਵਰਕ ਅਤੇ ਹੋਰ ਅਤਿਵਾਦੀ ਸੰਗਠਨਾਂ ਦਾ ਸਾਹਮਣਾ ਕਰਨ ਦੀ ਇੱਛਾ ਜ਼ਾਹਰ ਕਰੇਗਾ। ਇਸ ਨਾਲ ਸਾਡੇ ਦੋ-ਪੱਖੀ ਸੁਰੱਖਿਆ ਸਬੰਧ ਵਧਣਗੇ।''ਅਤਿਵਾਦ ਵਿਰੁਧ ਲੜਾਈ ਵਿਚ ਸ਼ਾਮਲ ਹੋਵੇ ਪਾਕਿਸਤਾਨ ਗੋਲਡਸਟੀਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਗੱਲਬਾਤ ਦੀ ਮੇਜ਼ 'ਤੇ ਆਏ ਅਤੇ ਇਸ ਕੋਸ਼ਿਸ ਵਿਚ ਸਾਡੀ ਮਦਦ ਕਰੇ। ਪਾਕਿਸਤਾਨ ਲਈ ਵੀ ਲਾਭਕਾਰੀ ਹੋਵੇਗਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਵਿਚ ਸਾਡੀ ਮਦਦ ਕਰੇ। (ਪੀਟੀਆਈ)