
ਲਾਸ ਏਂਜਲਸ, 3 ਸਤੰਬਰ : ਅਮਰੀਕਾ ਦਾ ਟੈਕਸਾਸ
ਸ਼ਹਿਰ ਪਿਛਲੇ ਕਈ ਦਿਨਾਂ ਤੋਂ ਕੁਦਰਤ ਦੀ ਮਾਰ ਝੱਲ ਰਿਹਾ ਹੈ। ਚੱਕਰਵਾਤੀ ਤੂਫ਼ਾਨ
'ਹਾਰਵੇ' ਕਾਰਨ 50 ਲੋਕ ਅਪਣੀ ਜਾਨ ਗੁਆ ਚੁਕੇ ਹਨ। ਦੂਜੇ ਪਾਸੇ ਅਮਰੀਕਾ ਦੇ ਇਕ ਹੋਰ
ਸ਼ਹਿਰ 'ਚ ਕੁਦਰਤ ਦੀ ਦੋਹਰੀ ਮਾਰ ਪੈ ਰਹੀ ਹੈ। ਦਰਅਸਲ ਲਾਸ ਏਂਜਲਸ ਦੇ ਜੰਗਲਾਂ 'ਚ ਹੁਣ
ਤਕ ਦੀ ਸੱਭ ਤੋਂ ਖ਼ਤਰਨਾਕ ਅੱਗ ਲੱਗੀ ਹੈ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਆਸਪਾਸ ਦੇ
ਇਲਾਕੇ ਛੱਡਣੇ ਪਏ ਹਨ। ਇਹ ਜਾਣਕਾਰੀ ਸ਼ਹਿਰ ਦੇ ਮੇਅਰ ਨੇ ਦਿਤੀ।
ਮੇਅਰ ਐਰਿਕ ਗਾਰਸੇਟੀ
ਨੇ ਦਸਿਆ ਕਿ 5000 ਏਕੜ 'ਚ ਸ਼ੁਕਰਵਾਰ ਨੂੰ 'ਲਾ ਟੂਨਾ' ਅੱਗ ਲੱਗਣ ਨਾਲ ਜੰਗਲਾਂ ਦੇ
ਨੇੜੇ ਰਹਿ ਰਹੇ 700 ਤੋਂ ਵੀ ਜ਼ਿਆਦਾ ਪਰਵਾਰਾਂ ਨੂੰ ਅਪਣੇ ਘਰ ਖ਼ਾਲੀ ਕਰਨੇ ਪਏ।
ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਤੇਜ਼ ਹਵਾਵਾਂ ਨਾਲ ਅੱਗ ਰਿਹਾਇਸ਼ੀ ਇਲਾਕਿਆਂ ਵਲ
ਵੱਧ ਸਕਦੀ ਹੈ। ਮੇਅਰ ਮੁਤਾਬਕ ਹੁਣ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਅੱਗ ਨੂੰ ਰੋਕਣ ਲਈ 500 ਤੋਂ ਵੱਧ ਫਾਇਰ ਫਾਈਟਰਜ਼ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਮੀਡੀਆ
ਰੀਪੋਰਟ 'ਚ ਇਹ ਕਿਹਾ ਗਿਆ ਹੈ ਕਿ ਜੰਗਲਾਂ 'ਚ ਲੱਗੀ ਅੱਗ ਰਿਹਾਇਸ਼ੀ ਇਲਾਕਿਆਂ ਤਕ ਪਹੁੰਚ
ਗਈ ਹੈ ਅਤੇ ਦੋ ਘਰ ਸੜ ਚੁਕੇ ਹਨ।
ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਦਸਿਆ ਕਿ ਅੱਗ
ਕਾਰਨ ਇਲਾਕੇ ਦਾ ਤਾਪਮਾਨ ਕਾਫੀ ਵੱਧ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਲਾਕੇ ਦਾ ਤਾਪਮਾਨ
38 ਡਿਗਰੀ ਤੋਂ ਵੱਧ ਪਹੁੰਚ ਚੁੱਕਾ ਹੈ। ਉਥੇ ਹੀ ਲੋਕਾਂ ਲਈ ਇਸ ਅੱਗ ਤੋਂ ਨਿਕਲ ਰਿਹਾ
ਧੂੰਆਂ ਬਹੁਤ ਹੀ ਹਾਨੀਕਾਰਕ ਹੈ ਅਤੇ ਕਈ ਲੋਕਾਂ ਵਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ
ਉਨ੍ਹਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਹੈ। (ਪੀਟੀਆਈ)