
ਫਰਿਜ਼ਨੋ : ਅਮਰੀਕਾ ਦੇ ਸਕੂਲਾਂ 'ਚ ਜਿੱਥੇ ਬੱਚਿਆਂ ਨੂੰ ਉੱਚ ਵਿੱਦਿਆ, ਇਮਾਨਦਾਰੀ ਅਤੇ ਮਿਹਨਤ ਕਰਨੀ ਸਿਖਾਈ ਜਾਂਦੀ ਹੈ, ਉੱਥੇ ਨਾਲ ਹੀ ਲੋੜਵੰਦਾਂ ਦੀ ਮਦਦ ਕਰਨ ਦਾ ਸਬਕ ਵੀ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਸੈਂਟਰਲ ਵੈਲੀ ਕੈਲੀਫੋਰਨੀਆ ਵਿਚ 6 ਮਾਰਚ ਦੇ ਦਿਨ ਸਕੂਲਾਂ ਦੇ ਬੱਚੇ ਅਖ਼ਬਾਰਾਂ ਵੇਚ ਕੇ 'ਕਿਡਜ਼ ਡੇਅ' ਮਨਾਉਂਦੇ ਹਨ। ਇਸ ਸ਼ੁੱਭ ਕਾਰਜ ਦੀ ਸ਼ੁਰੂਆਤ ਲਗਭਗ 30 ਸਾਲ ਪਹਿਲਾਂ ਹੋਈ ਸੀ।
ਇਹ ਸਾਰੀਆਂ ਅਖਬਾਰਾਂ ਇਲਾਕੇ ਦੇ ਵੱਡੇ ਅਖਬਾਰ 'ਫਰਿਜ਼ਨੋ ਬੀ' ਵੱਲੋਂ ਸਕੂਲਾਂ ਨੂੰ ਮੁਫਤ ਵਿਚ ਉਸ ਦਿਨ ਭੇਜੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਬੱਚੇ ਆਪਣੇ ਅਧਿਆਪਕਾਂ ਦੀ ਮਦਦ ਨਾਲ ਸੜਕਾਂ 'ਤੇ ਸਟਾਪ ਲਾਈਟਾਂ ਜਾਂ ਹੋਰ ਪਬਲਿਕ ਥਾਂਵਾਂ 'ਤੇ ਸਕੂਲ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਵੇਚਦੇ ਹਨ। ਇਸ ਤੋਂ ਇਕੱਠੇ ਕੀਤੇ ਗਏ ਫੰਡ ਨੂੰ 'ਵੈਲੀਚਿਲਡਰਨ ਹਸਪਤਾਲ' (ਬੱਚਿਆਂ ਦੇ ਹਸਪਤਾਲ) ਨੂੰ ਦੇ ਦਿੱਤਾ ਜਾਂਦਾ ਹੈ।
ਇਸ ਨਾਲ ਲੋੜਵੰਦ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਸੰਬੰਧੀ ਖੋਜ ਅਤੇ ਇਲਾਜ ਕਰਨ 'ਚ ਮਦਦ ਕੀਤੀ ਜਾਂਦੀ ਹੈ। ਇਸ ਮਿਸ਼ਨ ਰਾਹੀਂ ਲੋਕਾਂ ਦੀ ਮਦਦ ਨਾਲ ਹਜ਼ਾਰਾਂ ਡਾਲਰਾਂ ਦੀ ਰਾਸ਼ੀ ਇਕੱਠੀ ਜੋ ਜਾਂਦੀ ਹੈ। ਅਜਿਹਾ ਕਰਦੇ ਹੋਏ ਬੱਚੇ ਜਿੱਥੇ ਆਮ ਲੋਕਾਂ ਵਿਚ ਵਿਚਰਦੇ ਹੋਏ ਅਖ਼ਬਾਰਾਂ ਵੇਚਦੇ ਹਨ, ਉੱਥੇ ਹੀ ਉਨ੍ਹਾਂ ਵਿਚ ਲੋੜਵੰਦਾਂ ਲਈ ਮਿਹਨਤ ਕਰਕੇ ਮਦਦ ਕਰਨ ਦੀ ਸਵੈ ਇੱਛਾ ਵੀ ਬਣੀ ਰਹਿੰਦੀ ਹੈ।