ਨਵੀਂ ਦਿੱਲੀ, 27 ਦਸੰਬਰ: ਨੇਪਾਲ ਦੇ ਸਰਵੇਖਣ ਵਿਭਾਗ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ 2015 ਦੇ ਭੂਚਾਲ ਤੋਂ ਬਾਅਦ ਦੁਨੀਆਂ ਦੇ ਸੱਭ ਤੋਂ ਉੱਚੇ ਪਹਾੜ ਮਾਊਂਟ ਐਵਰੇਸਟ ਦੀ ਉਚਾਈ ਸਾਂਝੇ ਤੌਰ 'ਤੇ ਮੁੜ ਤੋਂ ਮਾਪਣ ਦੀ ਭਾਰਤ ਦੀ ਪੇਸ਼ਕਸ਼ ਨੇਪਾਲ ਨੇ ਖ਼ਾਰਜ ਕਰ ਦਿਤੀ ਹੈ ਅਤੇ ਉਹ ਖ਼ੁਦ ਹੀ ਇਹ ਕੰਮ ਕਰੇਗਾ।ਹਿਮਾਲਿਆ ਪਰਬਤ ਲੜੀ ਦੀ ਇਸ ਸੱਭ ਤੋਂ ਉੱਚੀ ਚੋਟੀ ਦੀ ਉਚਾਈ 8848 ਮੀਟਰ ਹੈ। ਨੇਪਾਲ ਦੇ ਸਰਵੇਖਣ ਵਿਭਾਗ ਦੇ ਡਾਇਰੈਕਟਰ ਜਨਰਲ ਗਣੇਸ਼ ਭੱਟ ਨੇ ਕਿਹਾ ਕਿ ਨੇਪਾਲ ਇਸ ਕੰਮ ਨੂੰ ਪੂਰਾ ਕਰਨ ਲਈ ਜ਼ਰੂਰੀ ਅੰਕੜੇ ਹਾਸਲ ਕਰਨ ਦੇ ਸਿਲਸਿਲੇ 'ਚ ਭਾਰਤ ਅਤੇ ਚੀਨ ਤੋਂ ਮਦਦ ਮੰਗੇਗਾ। ਨਵੀਂ ਦਿੱਲੀ 'ਚ ਮੌਜੂਦ ਸੂਤਰਾਂ ਨੇ ਸੰਕੇਤ ਦਿਤਾ ਹੈ ਕਿ ਮਾਊਂਟ ਐਵਰੇਸਟ ਨੂੰ ਸਾਂਝੇ ਤੈਰ 'ਤੇ ਮੁੜ ਤੋਂ ਮਾਪਣ ਦੀ ਭਾਰਤ ਦੀ ਪੇਸ਼ਕਸ਼ ਨੂੰ ਨੇਪਾਲ ਵਲੋਂ ਇਨਕਾਰ ਕਰਨ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ ਕਿਉਂਕਿ ਇਹ ਪਹਾੜ ਚੀਨ-ਨੇਪਾਲ ਸਰਹੱਦ 'ਤੇ ਹੈ।

ਭਾਰਤ ਦੇ ਵਿਗਿਆਨ ਅਤੇ ਤਕਨੀਕ ਮੰਤਰਾਲੇ ਹੇਠ ਆਉਣ ਵਾਲੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਇਕ ਬਿਆਨ ਮੁਤਾਬਕ 2015 'ਚ ਨੇਪਾਲ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਇਸ ਸਰਬਉੱਚ ਪਰਬਤ ਚੋਟੀ ਦੀ ਉਚਾਈ ਨੂੰ ਲੈ ਕੇ ਵਿਗਿਆਨਕ ਭਾਈਚਾਰੇ 'ਚ ਕਈ ਸ਼ੱਕ ਹਨ। ਅਪ੍ਰੈਲ 2017 'ਚ 7.8 ਦੀ ਤੀਬਰਤਾ ਵਾਲੇ ਭੂਚਾਲ ਨੇ ਨੇਪਾਲ 'ਚ ਤਬਾਹੀ ਮਚਾਈ ਸੀ ਜਿਸ 'ਚ 8 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਜਦਕਿ ਲੱਖਾਂ ਲੋਕ ਬੇਘਰ ਹੋ ਗਏ ਸਨ। (ਪੀਟੀਆਈ)
end-of