
ਬ੍ਰਿਸਬੇਨ: ਆਸਟ੍ਰੇਲੀਆ 'ਚ ਬੀਤੇ ਸਾਲ ਅਕਤੂਬਰ ਮਹੀਨੇ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਬੱਸ ਚਾਲਕ ਮਰਹੂਮ ਮਨਮੀਤ ਸ਼ਰਮਾ ਅਲੀਸ਼ੇਰ ਦੇ ਪਰਿਵਾਰ ਵਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ' ਵਿਖੇ 28 ਅਕਤੂਬਰ ਦਿਨ ਸ਼ਨੀਵਾਰ ਨੂੰ ਪਹਿਲੀ ਬਰਸੀ ਸੰਬੰਧੀ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
ਜਿਸ ਸੰਬੰਧੀ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਬ੍ਰਿਸਬੇਨ ਵਿਖੇ ਸੰਖੇਪ ਦੌਰੇ 'ਤੇ ਆਏ ਮਨਮੀਤ ਸ਼ਰਮਾ ਦੇ ਪਰਿਵਾਰਕ ਦੋਸਤ ਅਤੇ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰਹੂਮ ਮਨਮੀਤ ਸ਼ਰਮਾ ਦੀ ਬਰਸੀ ਦੇ ਪ੍ਰਬੰਧਾਂ ਅਤੇ ਹੋਰ ਕਿਸੇ ਵੀ ਵਿਅਕਤੀ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਲਈ ਆਸਟ੍ਰੇਲੀਅਨ ਸਰਕਾਰ ਅਤੇ ਮਾਣਯੋਗ ਅਦਾਲਤ ਤੋਂ ਇਨਸਾਫ ਸੰਬੰਧੀ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਰਸੀ ਦੇ ਧਾਰਮਿਕ ਸਮਾਗਮ 'ਤੇ ਭਾਰਤ ਤੋਂ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸੰਸਦ ਮੈਂਬਰ, ਮਨਜਿੰਦਰ ਸਿੰਘ ਸਿਰਸਾ ਵਿਧਾਇਕ, ਭਾਈ ਪਿਆਰਾ ਸਿੰਘ, ਕੁਈਨਜ਼ਲੈਂਡ ਸੂਬੇ ਤੇ ਸੰਘੀ ਸਰਕਾਰ ਦੇ ਰਾਜਨੀਤਕ ਆਗੂ, ਧਾਰਮਿਕ, ਸਾਹਿਤਕ ਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰੀ ਭਰਨਗੇ।
ਉਪਰੰਤ ਉਸੇ ਦਿਨ ਦੁਪਿਹਰ 2 ਵਜੇ ਲਾਰਡ ਮੇਅਰ ਬ੍ਰਿਸਬੇਨ, ਕੌਂਸਲ ਦੀ ਚੇਅਰਮੈਨ ਏਜਲਾਂ ਓਵਨ ਅਤੇ ਹੋਰ ਵੀ ਪ੍ਰਮੁੱਖ ਆਗੂ ਸਾਂਝੇ ਤੌਰ 'ਤੇ ਵੱਖ-ਵੱਖ ਭਾਈਚਾਰਿਆਂ ਦੀ ਹਾਜ਼ਰੀ ਵਿੱਚ ਮਨਮੀਤ ਸ਼ਰਮਾ ਦੀ ਨਿੱਘੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼ਹਿਰ ਮਾਰੂਕਾ ਵਿਖੇ ਘਟਨਾ ਸਥਾਨ ਦੇ ਨੇੜੇ ਵਾਲੀ ਲਕਸਵਰਥ ਪਲੇਸ ਪਾਰਕ ਮਰਹੂਮ ਮਨਮੀਤ ਸ਼ਰਮਾ ਨੂੰ ਸਮਰਪਿਤ ਕਰਕੇ ਲੋਕ ਅਰਪਣ ਕੀਤੀ ਜਾਵੇਗੀ।