
ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਨਿਰਭੈਯਾ ਗੈਂਗ ਰੇਪ ਦੀ ਘਟਨਾ ਨੇ ਭਾਰਤ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਅਜਿਹਾ ਹੀ ਖ਼ੌਫ਼ਨਾਕ ਵਾਕਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਪਾਕਿਸਤਾਨ ਵਿਚ ਹਲਚਲ ਮਚਾ ਦਿੱਤੀ ਹੈ। ਅਸਲ ਵਿਚ ਇੱਥੇ ਇੱਥੋਂ ਦੇ ਪੰਜਾਬ ਸੂਬੇ ਵਿਚ ਅੱਠ ਸਾਲ ਦੀ ਇੱਕ ਮਾਸੂਮ ਬੱਚੀ ਜੈਨਬ ਦੇ ਨਾਲ ਕਥਿਤ ਤੌਰ ‘ਤੇ ਜ਼ਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ ਕੂੜੇ ਦੇ ਢੇਰ ਵਿਚੋਂ ਮਿਲੀ ਹੈ।
ਇਸ ਘਟਨਾ ਦੇ ਸਾਹਮਣੇ ਆਉਣ ਦੀ ਦੇਰ ਸੀ ਕਿ ਪੂਰੇ ਪਾਕਿਸਤਾਨ ਦੀ ਅਵਾਮ ਇਸ ਘਟਨਾ ਦੇ ਵਿਰੋਧ ਵਿਚ ਸੜਕਾਂ ‘ਤੇ ਉੱਤਰ ਆਈ ਹੈ। ਇਸ ਘਟਨਾ ਦੀ ਵਜ੍ਹਾ ਨਾਲ ਭੜਕੇ ਦੰਗਿਆਂ ਵਿਚ ਪੁਲਿਸ ਦੇ ਨਾਲ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਨੁਸਾਰ ਕਸੂਰ ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਨੂੰ ਪਿਛਲੇ ਹਫ਼ਤੇ ਉਸ ਦੇ ਘਰ ਦੇ ਬਾਹਰ ਤੋਂ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿਚ ਉਸ ਦੀ ਲਾਸ਼ ਕੂੜੇ ਦੇ ਢੇਰ ਵਿਚੋਂ ਪਈ ਮਿਲੀ।
ਖੇਤਰੀ ਪੁਲਿਸ ਅਧਿਕਾਰੀ ਜੁਲਫਿਕਾਰ ਹਮੀਦ ਨੇ ਦੱਸਿਆ ਕਿ ਕੱਲ੍ਹ ਰਾਤ ਸ਼ਹਿਰ ਦੇ ਸੱਦਾਰ ਬਜ਼ਾਰ ਵਿਚ ਬੱਚੀ ਦੀ ਲਾਸ਼ ਕੂੜੇ ਦੇ ਢੇਰ ਵਿਚੋਂ ਮਿਲੀ। ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ। ਹਮੀਦ ਨੇ ਦੱਸਿਆ ਕਿ ਸ਼ੁਰੂਆਤੀ ਪੋਸਟਮਾਰਟਮ ਦੀ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬਲਾਤਕਾਰ ਤੋਂ ਬਾਅਦ ਬੱਚੀ ਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੈ।ਬੱਚੇ ਆਪਣੇ ਰਿਸ਼ਤੇਦਾਰ ਦੇ ਇੱਥੇ ਰਹਿ ਰਹੀ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਉਮਰਾ ਹੱਜ ਦੇ ਲਈ ਸਾਊਦੀ ਅਰਬ ਗਏ ਹੋਏ ਸਨ।
ਪੁਲਿਸ ਨੇ ਇਸ ਸਬੰਧੀ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬੱਚੀ ਨੂੰ ਫੁਟੇਜ ਵਿਚ ਆਪਦੇ ਨਾਲ ਲੈ ਕੇ ਜਾਂਦਾ ਹੋਇਆ ਦਿਖ ਰਿਹਾ ਹੈ। ਜ਼ਬਰ ਜਨਾਹ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲਣ ਤੋਂ ਬਾਅਦ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਾਉਂਦੇ ਹੋਏ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਪ੍ਰਦਰਸ਼ਨਕਾਰੀਆਂ ਨੇ ਕਸੂਰ ਦੇ ਜ਼ਿਲ੍ਹਾ ਕੋਆਰਡੀਨੇਸ਼ਨ ਅਧਿਕਾਰੀ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਦਫ਼ਤਰਾਂ ਸਮੇਤ ਪੁਲਿਸ ਸਟੇਸ਼ਨ ‘ਤੇ ਪਥਰਾਅ ਕੀਤਾ। ਇਸ ਘਿਨੌਣੇ ਅਪਰਾਧ ਅਤੇ ਹੱਤਿਆ ਦੇ ਵਿਰੋਧ ਵਿਚ ਸ਼ਹਿਰ ਬੰਦ ਰਿਹਾ।ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਦੇ ਲਈ ਹਵਾ ਵਿਚ ਗੋਲੀਆਂ ਵੀ ਚਲਾਈਆਂ। ਇੱਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਜੋ ਦੋ ਲੋਕ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਹੱਤਿਆ ਨਾਲ ਪੂਰੇ ਪਾਕਿਸਤਾਨ ਵਿਚ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ।
ਮਹੱਤਵਪੂਰਨ ਫਿਲਮ ਹਸਤੀਆਂ ਅਤੇ ਕ੍ਰਿਕਟ ਖਿਡਾਰੀਆਂ ਨੇ ਕਾਤਲਾਂ ਨੂੰ ਫੜਨ ਦੀ ਮੰਗ ਉਠਾਈ ਹੈ।ਲਾਹੌਰ ਹਾਈਕੋਰਟ ਦੇ ਮੁੱਖ ਜੱਜ ਮਨਸੂਰ ਅਲੀ ਸ਼ਾਹ ਨੇ ਹੱਤਿਆ ਦੇ ਇਸ ਮਾਮਲੇ ‘ਤੇ ਗੰਭੀਰਤਾ ਦਿਖਾਉਂਦੇ ਹੋਏ ਪੰਜਾਬ ਸਰਕਾਰ ਤੋਂ ਇਸ ਬਾਰੇ ਵਿਚ ਰਿਪੋਰਟ ਮੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਹ ਖ਼ੁਦ ਇਸ ਮਾਮਲੇ ਦੀ ਨਿਗਰਾਨੀ ਕਰਨਗੇ ਅਤੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਕਿ ਅਪਰਾਧੀ ਕਾਨੂੰਨੀ ਦੀ ਪਕੜ ਵਿਚ ਨਹੀਂ ਆ ਜਾਂਦੇ।
ਨਵਾਜ਼ ਸ਼ਰੀਫ਼ ਨੇ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਤੁਰੰਤ ਅਪਰਾਧੀਆਂ ਦੀ ਗ੍ਰਿਫ਼ਤਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਪਾਕਿਸਤਾਨ ਤਹਿਰੀਕੇ ਇਨਸਾਫ਼ ਦੇ ਪ੍ਰਧਾਨ ਇਮਰਾਨ ਖ਼ਾਨ ਅਤੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਸਮੇਤ ਕਈ ਹੋਰ ਨੇਤਾਵਾਂ ਨੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਟੈਸਟ ਕ੍ਰਿਕਟ ਸ਼ੋਏਬ ਮਲਿਕ, ਮੁਹੰਮਦ ਹਾਫਿਜ਼ ਅਤੇ ਵਹਾਬ ਰਿਆਜ਼ ਨੇ ਵੀ ਟਵੀਟ ਕਰਕੇ ਇਸ ਘਟਨਾ ਨੂੰ ਅਤਿ ਨਿੰਦਣਯੋਗ ਦੱਸਦੇ ਹੋਏ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।ਪਾਕਿਸਤਾਨ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਨਾਲ ਪੂਰਾ ਦੇਸ਼ ਗੁੱਸੇ ਵਿਚ ਹੈ। ਪੂਰੇ ਪਾਕਿਸਤਾਨ ਵਿਚ ਜਸਟਿਸ ਫਾਰ ਜੈਨਬ ਦੀ ਮੁਹਿੰਮ ਚੱਲ ਰਹੀ ਹੈ।
ਲੋਕ ਅਪਰਾਧੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਅਤੇ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ‘ਤੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ।ਇੱਕ ਟੀਵੀ ਐਂਕਰ ਨੇ ਵੱਖਰੇ ਤਰੀਕੇ ਨਾਲ ਰੋਸ ਜ਼ਾਹਿਰ ਕਰਕੇ ਇੰਟਰਨੈਸ਼ਨਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਲਈ ਉਸ ਨੇ ਕੁਝ ਅਲੱਗ ਕਰਨ ਦੀ ਸੋਚੀ। ਉਨ੍ਹਾਂ ਨੇ ਲਾਈਵ ਟੀਵੀ ਵਿਚ ਆਪਣੀ ਬੱਚੀ ਨੂੰ ਗੋਦ ਵਿਚ ਬਿਠਾਇਆ ਅਤੇ ਪੂਰਾ ਬੁਲੇਟਿਨ ਦੌਰਾਨ ਬੱਚੀ ਨੂੰ ਨਾਲ ਲੈ ਕੇ ਰੱਖਿਆ।
ਦੱਸ ਦੇਈਏ ਕਿ ਇਹ ਸਮਾਂ ਸਮਾ ਨਿਊਜ਼ ਚੈਨਲ ਦੀ ਐਂਕਰ ਸੀ। ਉਨ੍ਹਾਂ ਦਾ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਸ ਵੀਡੀਓ ਵਿਚ ਇਸ ਘਟਨਾ ਦੇ ਹੋਣ ਨਾਲ ਹਰ ਮਾਂ ਦੇ ਦਰ ਨੂੰ ਬਿਆਨ ਕੀਤਾ। ਭਾਰਤ ਵਿਚ ਇਸ ਵੀਡੀਓ ਦੀ ਖ਼ੂਬ ਪ੍ਰਸ਼ੰਸਾ ਹੋ ਰਹੀ ਹੈ।