
ਪੱਛਮੀ ਪੰਜਾਬ ਦੇ ਸ਼ਹਿਰ ਕਸੂਰ ਵਿੱਚ ਇੱਕ ਬਾਲੜੀ ਨਾਲ ਬਲਾਤਕਾਰ ਬਾਅਦ ਉਸਦੀ ਹੱਤਿਆ ਦਾ ਦੋਸ਼ੀ ਗੁਆਂਢੀ ਹੀ ਨਿਕਲਿਆ। ਪੁਲਿਸ ਨੇ ਮੁਲਜ਼ਮ ਇਮਰਾਨ ਅਲੀ (23) ਨੂੰ ਗ੍ਰਿਫ਼ਤਾਰ ਕਰ ਲੈਣ ਦੀ ਪੁਸ਼ਟੀ ਕੀਤੀ ਹੈ।
ਮੁਲਜ਼ਮ ਪੀੜਿਤ ਬੱਚੀ ਜ਼ੈਨਬ ਦਾ ਗੁਆਂਢੀ ਦੱਸਿਆ ਗਿਆ ਹੈ ਤੇ ਉਸਨੇ ਪੜਤਾਲੀਆ ਟੀਮ ਅੱਗੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਉਸ ਦਾ ਡੀਐਨਏ ਵੀ ਬੱਚੀ ਦੀ ਲਾਸ਼ ਤੋਂ ਮਿਲੇ ਨਮੂਨੇ ਨਾਲ ਮੇਲ ਖਾ ਗਿਆ ਹੈ। ਇਹ ਰਿਪੋਰਟ ਆਉਣ ਨਾਲ ਉਸ ਦੇ ਹੀ ਮੁਲਜ਼ਮ ਹੋਣ ਦੀ ਪੁਸ਼ਟੀ ਹੋ ਗਈ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਮਲਿਕ ਅਹਿਮਦ ਨੇ ਦੱਸਿਆ ਕਿ ਮੁਲਜ਼ਮ ਇਮਰਾਨ ਅਲੀ ਨੂੰ ਪੰਜਾਬ ਦੇ ਪਾਕਪਟਨ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਜ਼ੈਨਬ 5 ਜਨਵਰੀ ਨੂੰ ਉਦੋਂ ਲਾਪਤਾ ਹੋ ਗਈ ਸੀ ਜਦੋਂ ਉਹ ਘਰ ਤੋਂ ਇੱਕ ਮਦਰੱਸੇ ਵਿੱਚ ਟਿਊਸ਼ਨ ਪੜ੍ਹਨ ਗਈ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਜੈਨਬ ਲਾਹੌਰ ਤੋਂ ਪੰਜਾਹ ਕਿਲੋਮੀਟਰ ਦੂਰ ਪੈਂਦੇ ਸ਼ਹਿਰ ਕਸੂਰ ਵਿੱਚ ਪੀਰੋਵਾਲਾ ਰੋਡ ਉੱਤੇ ਇੱਕ ਅਜਨਬੀ ਦੇ ਨਾਲ ਜਾਂਦੀ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ 9 ਜਨਵਰੀ ਨੂੰ ਲੜਕੀ ਦੀ ਸ਼ਾਹਬਾਜ਼ ਖਾਨ ਰੋਡ ਤੋਂ ਲਾਸ਼ ਮਿਲੀ ਸੀ ਤੇ ਉਸ ਦੇ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਸੀ।