ਯੰਗੂਨ, 7 ਸਤੰਬਰ : 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਸ਼ਹਿਰ ਯਾਂਗੂਨ 'ਚ ਸਥਿਤ 2500 ਸਾਲ 
ਪੁਰਾਣੇ ਸ਼ਵੇਦਾਗੋਨ ਪਗੋਡਾ ਦੇ ਦਰਸ਼ਨ ਕੀਤੇ ਅਤੇ ਕਾਲੀਬਾੜੀ ਮੰਦਰ ਵਿਚ ਪੂਜਾ ਕੀਤੀ। ਇਸ 
ਪਗੋਡਾ ਨੂੰ ਬੌਧ ਬਹੁਲਤਾ ਵਾਲੇ ਯਾਂਮਾ ਦੀ ਸਭਿਆਚਾਰਕ ਵਿਰਾਸਤ ਦੀ ਧੁਰੀ ਮੰਨਿਆ ਜਾਂਦਾ 
ਹੈ।
ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਮੋਦੀ ਨੇ ਪਗੋਡਾ ਦੇ ਦਰਸ਼ਨ ਕੀਤੇ। ਪ੍ਰਧਾਨ 
ਮੰਤਰੀ ਨੇ ਟਵੀਟ ਕੀਤਾ, ''ਯਾਂਮਾ ਸੱਭਿਆਚਾਰ ਦੇ ਪ੍ਰਤੀਕ, ਸ਼ਵੇਦਾਗੋਨ ਪਗੋਡਾ ਦੇ ਦਰਸ਼ਨ 
ਕਰ ਕੇ ਬਹੁਤ ਖ਼ੁਸ਼ ਹਾਂ।'' 2500 ਸਾਲ ਪੁਰਾਣੇ ਪਗੋਡਾ 'ਚ ਭਗਵਾਨ ਬੁੱਧ ਦੇ ਕੇਸ ਅਤੇ ਹੋਰ
 ਪਵਿੱਤਰ ਅਵਸ਼ੇਸ਼ ਰੱਖੇ ਹੋਏ ਹਨ। ਪਗੋਡਾ ਸੋਨੇ ਦੀਆਂ ਸੈਕੜੇ ਚਾਦਰਾਂ ਨਾਲ ਢਕਿਆ ਹੋਇਆ 
ਹੈ, ਜਦਕਿ ਸਤੂਪ ਦੇ ਉੱਚ 'ਤੇ 4531 ਹੀਰੇ ਜੜ੍ਹੇ ਹੋਏ ਹਨ। ਸਭ ਤੋਂ ਵੱਡਾ ਹੀਰਾ 72 
ਕੈਰਟ ਦਾ ਹੈ। ਮੋਦੀ ਨੇ ਬਾਅਦ ਵਿਚ ਸ਼ਹੀਦਾਂ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ 
ਕਾਲੀਬਾੜੀ ਮੰਦਰ ਵਿਚ ਪੂਜਾ ਕੀਤੀ।
ਇਸ ਤੋਂ ਇਲਾਵਾ ਮੋਦੀ ਨੇ ਯਾਂਗੂਨ 'ਚ ਆਖਰੀ ਮੁਗਲ
 ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਮਕਬਰੇ 'ਤੇ ਗਏ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ 
ਮੰਤਰੀ ਨੇ ਮੁਗਲ ਸ਼ਾਸਕ ਦੀ ਕਬਰ ਕੋਲ ਲਈ ਗਈ ਅਪਣੀ ਤਸਵੀਰ ਵੀ ਟਵੀਟ ਕੀਤੀ ਹੈ। ਉਰਦੂ 
ਸ਼ਾਇਰ ਬਹਾਦਰ ਸ਼ਾਹ ਜ਼ਫਰ ਦੀ ਮੌਤ 87 ਸਾਲ ਦੀ ਉਮਰ ਵਿਚ ਰੰਗੂਨ 'ਚ ਹੋਈ। 1857 ਦੇ 
ਸੁਤੰਤਰਤਾ ਸੰਗਰਾਮ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ 
ਰੰਗੂਨ ਭੇਜ ਦਿਤਾ ਸੀ। ਮੰਦਰ ਅਤੇ ਮਕਬਰੇ ਦੇ ਦਰਸ਼ਨ ਕਰਨ ਤੋਂ ਬਾਅਦ ਮੋਦੀ ਦਿੱਲੀ ਲਈ 
ਰਵਾਨਾ ਹੋ ਗਏ ਹਨ। (ਪੀਟੀਆਈ)
                    
                