
ਸ੍ਰੀਲੰਕਾ 'ਚ 10 ਦਿਨ ਦੀ ਐਮਰਜੈਂਸੀ
ਕੋਲੰਬੋ, 6 ਮਾਰਚ : ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ 'ਚ 10 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕਰ ਦਿਤਾ ਹੈ। ਇਸ ਪਿੱਛੇ ਮੁਸਲਮਾਨਾਂ ਅਤੇ ਬੋਧੀਆਂ ਵਿਚਕਾਰ ਵੱਧ ਰਹੇ ਤਣਾਅ ਨੂੰ ਕਾਰਨ ਦਸਿਆ ਗਿਆ ਹੈ। ਸ੍ਰੀਲੰਕਾ ਸਰਕਾਰ ਦੇ ਬੁਲਾਰੇ ਦਯਾਸਿਰੀ ਜੈਸ਼ੇਖਰਾ ਨੇ ਕਿਹਾ, ''ਵਿਸ਼ੇਸ਼ ਕੈਬਨਿਟ ਮੀਟਿੰਗ 'ਚ 10 ਦਿਨ ਲਈ ਐਮਰਜੈਂਸੀ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤਾਕਿ ਫ਼ਿਰਕੂ ਹਿੰਸਾ ਨੂੰ ਦੇਸ਼ ਦੇ ਦੂਜੇ ਹਿੱਸਿਆਂ 'ਚ ਫ਼ੈਲਣ ਤੋਂ ਰੋਕਿਆ ਜਾ ਸਕੇ।'' ਉਨ੍ਹਾਂ ਕਿਹਾ, ''ਅਜਿਹੇ ਲੋਕਾਂ ਵਿਰੁਧ ਵੀ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਹੋਇਆ ਹੈ ਜੋ ਫ਼ੇਸਬੁਕ ਰਾਹੀਂ ਹਿੰਸਾ ਨੂੰ ਹੁੰਗਾਰਾ ਦੇ ਰਹੇ ਹਨ।''ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸ੍ਰੀਲੰਕਾ 'ਚ ਦੋ ਭਾਈਚਾਰਿਆਂ ਵਿਚਕਾਰ ਤਣਾਅ ਚਲ ਰਿਹਾ ਹੈ।
ਬੁੱਧ ਧਰਮ ਦੇ ਲੋਕਾਂ ਵਲੋਂ ਮੁਸਲਮਾਨਾਂ 'ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਵਾ ਰਹੇ ਹਨ ਅਤੇ ਬੋਧੀ ਥਾਵਾਂ ਨੂੰ ਤੋੜ ਰਹੇ ਹਨ। ਬੋਧੀ ਲੋਕ ਸ੍ਰੀਲੰਕਾ 'ਚ ਪਨਾਹ ਲੈ ਰਹੇ ਰੋਹਿੰਗਿਆ ਲੋਕਾਂ ਵਿਰੁਧ ਹਨ। ਤਾਜ਼ਾ ਹਿੰਸਾ 'ਚ ਉਦੋਂ ਹਾਲਾਤ ਵਿਗੜਨੇ ਸ਼ੁਰੂ ਹੋਏ ਜਦ ਦੋ ਦਿਨ ਪਹਿਲਾਂ ਦੋਵੇਂ ਤਬਕੇ ਆਹਮੋ-ਸਾਹਮਣੇ ਆ ਗਏ। ੜਪ 'ਚ ਬੁੱਧ ਧਰਮ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਫਿਰ ਕੈਂਡੀ ਜ਼ਿਲ੍ਹੇ 'ਚ ਕਈ ਮੁਸਲਿਮ ਕਾਰੋਬਾਰੀਆਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿਤੀ ਗਈ। ਇਸ ਇਲਾਕੇ 'ਚ ਪਹਿਲਾਂ ਪੁਲਿਸ ਟੀਮ ਅਤੇ ਫਿਰ ਫ਼ੌਜ ਨੂੰ ਭੇਜਿਆ ਗਿਆ ਹੈ। ਭਾਰੀ ਹਥਿਆਰਾਂ ਨਾਲ ਲੈਸ ਵਿਸ਼ੇਸ਼ ਦਸਤੇ ਅਤੇ ਪੁਲਿਸ ਕਮਾਂਡੋਜ਼ ਦੀ ਤਾਇਨਾਤੀ ਕੀਤੀ ਗਈ ਹੈ। (ਪੀਟੀਆਈ)