
ਹੈਕੇਨਸੈਕ, 13 ਦਸੰਬਰ: ਬਰਗਨ ਕਾਊਂਟੀ ਵਿਚ ਪ੍ਰਸਿੱਧ ਵਕੀਲ ਗੁਰਬੀਰ ਸਿੰਘ ਗਰੇਵਾਲ ਨਿਊਜਰਸੀ ਦੇ ਅਟਾਰਨੀ ਜਨਰਲ ਬਣ ਸਕਦੇ ਹਨ। ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਅਟਾਰਨੀ ਜਨਰਲ ਦੇ ਅਹੁਦੇ ਲਈ ਗਰੇਵਾਲ ਦਾ ਨਾਂਅ ਨਾਮਜ਼ਦ ਕੀਤਾ ਹੈ। ਜੇ ਗਰੇਵਾਲ ਅਟਾਰਨੀ ਜਨਰਲ ਚੁਣੇ ਜਾਂਦੇ ਹਨ ਤਾਂ ਉਹ 16 ਜਨਵਰੀ ਨੂੰ ਅਹੁਦਾ ਸੰਭਾਲ ਲੈਣਗੇ।ਇਸ ਅਹਿਮ ਅਹੁਦੇ ਲਈ ਸਿੱਖ ਨੌਜਵਾਨ ਗੁਰਬੀਰ ਸਿੰਘ ਗਰੇਵਾਲ ਦੀ ਨਾਜ਼ਦਗੀ ਨਾਲ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਸਣੇ ਸਾਰੀਆਂ ਦੇ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਮਰਫੀ ਨੇ ਕਿਹਾ ਕਿ ਜੇ ਗਰੇਵਾਲ ਅਟਾਰਨੀ ਜਨਰਲ ਚੁਣੇ ਜਾਂਦੇ ਹਨ ਤਾਂ ਗਰੇਵਾਲ ਪਹਿਲੇ ਅਜਿਹੇ ਸਿੱਖ ਹੋਣਗੇ ਜੋ ਕਿਸੇ ਸੂਬੇ ਦੇ ਅਟਾਰਨੀ ਜਨਰਲ ਬਣੇ ਹੋਣ।ਗਰੇਵਾਲ ਦੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਮਰਫ਼ੀ ਨੇ ਕਿਹਾ ਕਿ ਗਰੇਵਾਲ ਲੰਮੇਂ ਸਮੇਂ ਤੋਂ ਵਕੀਲ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਗਰੇਵਾਲ ਨੇ ਲੰਮੇਂ ਸਮੇਂ ਤਕ ਜਨਤਕ ਸਰਵਿਸ ਵਿਚ ਕਾਨੂੰਨੀ ਸੇਵਾਵਾਂ ਦਿਤੀਆਂ ਹਨ। ਮੌਜੂਦਾ ਸਮੇਂ ਵਿਚ ਉਹ ਨਿਊਜਰਸੀ ਦੀ ਪ੍ਰਸਿੱਧ ਕਾਊਂਟੀ ਬਰਗਨ ਕਾਊਂਟੀ ਵਿਚ ਵਕੀਲ ਹਨ। ਗਰੇਵਾਲ ਅਪਣੇ ਲਗਭਗ 265 ਸਟਾਫ਼ ਮੈਂਬਰਾਂ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਨਿਊਜਰਸੀ ਵਿਚ ਅਟਾਰਨੀ ਜਨਰਲ ਦਾ ਅਹੁਦਾ ਸੱਭ ਤੋਂ ਅਹਿਮ ਅਹੁਦਾ ਹੈ। ਇਸ ਅਹੁਦੇ 'ਤੇ ਅਟਾਰਨੀ ਜਨਰਲ ਕਾਨੂੰਨ ਦੇ ਵਿਭਾਗ ਅਤੇ ਜਨਤਕ ਸੁਰੱਖਿਆ ਦੇ ਲਗਭਗ 7200 ਮੁਲਾਜ਼ਮਾਂ ਦੀ ਅਗਵਾਈ ਕਰਦਾ ਹੈ। ਇਸ ਵਿਚ ਸੂਬਾ ਪੁਲਿਸ, ਖ਼ਪਤਕਾਰ ਮਾਮਲੇ ਅਤੇ ਕਾਨੂੰਨੀ ਮਾਮਲੇ ਆਦਿ ਸ਼ਾਮਲ ਹੁੰਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰਵੀ ਭੱਲਾ ਨੂੰ ਹੋਬੋਕੇਨ ਦਾ ਮੇਅਰ ਬਣਾਇਆ ਗਿਆ ਹੈ। ਡੈਮੋਕਰੈਟ ਗਰੇਵਾਲ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਵਧੀਆ ਸਬੰਧਾਂ ਨੂੰ ਹੁਲਾਰਾ ਦੇ ਰਹੇ ਹਨ। ਨਾਰਥ ਅਮਰੀਕਾ ਦੀ ਦਖਣੀ ਏਸ਼ੀਆ ਬਾਰ ਐਸੋਸੀਏਸ਼ਨ ਨੇ ਗਰੇਵਾਲ ਨੂੰ ਨਾਜ਼ਦਗੀ ਲਈ ਵਧਾਈ ਦਿਤੀ ਹੈ। (ਏਜੰਸੀ)