
ਇਸਲਾਮਾਬਾਦ : ਪਾਕਿਸਤਾਨ ਵਿਚ ਸਟਾਇਲਿਸ਼ ਦਾੜ੍ਹੀ ਰੱਖਣ ਨੂੰ ਗੈਰ ਇਸਲਾਮਿਕ ਦੱਸਦੇ ਹੋਏ ਇਸ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਕ ਪਾਕਿਸਤਾਨੀ ਅਖ਼ਬਾਰ ਦੇ ਅਨੁਸਾਰ, ਦਾੜ੍ਹੀ ਦੇ ਨਵੇਂ - ਨਵੇਂ ਸਟਾਇਲ ਨੂੰ ਬੈਨ ਕਰਨ ਲਈ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਡੇਰਾ ਗਾਜੀ ਖਾਨ ਜ਼ਿਲ੍ਹਾ ਪ੍ਰੀਸ਼ਦ ਨੇ ਪ੍ਰਸਤਾਵ ਪਾਸ ਕੀਤਾ ਹੈ। ਇਸ ਪ੍ਰਸਤਾਵ ਦੇ ਅਨੁਸਾਰ, ਦਾੜੀ ਨੂੰ ਨਵੇਂ - ਨਵੇਂ ਤਰੀਕਿਆਂ ਨਾਲ ਬਣਵਾਉਣਾ ਇਸਲਾਮ ਦੀ ਸਿੱਖਿਆ ਦੇ ਵਿਰੁੱਧ ਹੈ ਅਤੇ ਇਸਦੇ ਨਾਲ ਹੀ ਇਹ ਇਸਲਾਮ ਦੇ ਵੀ ਖਿਲਾਫ਼ ਹੈ। ਇਸ ਪੇਸਕਸ਼ ਦੇ ਜ਼ਰੀਏ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਿਨਾਂ ਨੌਜਵਾਨਾਂ ਵਿਚ ਅਲੱਗ-ਅਲੱਗ ਤਰ੍ਹਾਂ ਨਾਲ ਦਾੜ੍ਹੀ ਰੱਖਣ ਦਾ ਰਿਵਾਜ ਚੱਲ ਗਿਆ ਹੈ, ਜਿਸਨੂੰ ਡੇਰਾ ਗਾਜੀ ਖਾਨ ਦੇ ਡਿਪਟੀ ਕਮਿਸ਼ਨਰ ਤੁਰੰਤ ਬੈਨ ਕਰਨ।
ਇੰਨਾ ਹੀ ਨਹੀਂ, ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਦਾੜ੍ਹੀ ਨੂੰ ਲੈ ਕੇ ਮਜ਼ਾਕ ਬਣਾਉਣ, ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਪ੍ਰਸਤਾਵ ਨੂੰ ਰੱਖਣ ਵਾਲੇ ਆਸਿਫ ਖੋਸਾ ਦਾ ਕਹਿਣਾ ਹੈ ਕਿ ਇਸਲਾਮਿਕ ਸਿੱਖਿਆ ਦੇ ਬਾਰੇ 'ਚ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ। ਰਿਪੋਰਟ ਦੇ ਅਨੁਸਾਰ ਆਸਿਫ ਨੇ ਕਿਹਾ, “ਨੌਜਵਾਨ ਅੱਜਕੱਲ੍ਹ ਅਲੱਗ-ਅਲੱਗ ਤਰ੍ਹਾਂ ਦੀ ਸਟਾਇਲਿਸ਼ ਦਾੜੀ ਰੱਖਣ ਲੱਗੇ ਹਨ ਜੋ ਇਸਲਾਮ ਦੀ ਸਿੱਖਿਆ ਦੇ ਖਿਲਾਫ਼ ਹੈ। ਫ੍ਰੈਂਚ ਕੱਟ ਅਤੇ ਦੂਜੀ ਤਰ੍ਹਾਂ ਦੀ ਨਵੀਂ ਸਟਾਇਲ ਵਾਲੀ ਦਾੜ੍ਹੀ ਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ ਹੈ।” ਇਸ ਪੇਸ਼ਕਸ਼ ਨੂੰ ਬਹੁਮਤ ਦੇ ਨਾਲ ਪਾਸ ਕੀਤਾ ਗਿਆ, ਜਿਸਨੂੰ ਅੱਗੇ ਦੀ ਕਾਰਵਾਈ ਲਈ ਡੇਰਾ ਗਾਜੀ ਖਾਨ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ ਹੈ।
ਰਿਪੋਰਟ ਦੇ ਮੁਤਾਬਕ, ਸਟਾਇਲਿਸ਼ ਦਾੜ੍ਹੀ ਬੈਨ ਕਰਨ ਦੇ ਇਲਾਵਾ ਇਸ ਪੇਸ਼ਕਸ਼ ਵਿਚ ਆਦਿਵਾਸੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿਚ 10 ਫ਼ੀਸਦੀ ਕੋਟਾ ਵੀ ਤੈਅ ਕੀਤਾ ਗਿਆ ਹੈ। ਇਸ ਨੂੰ ਪੇਸ਼ ਕਰਨ ਵਾਲੇ ਡਿਸਟਰਿਕਟ ਕਾਉਂਸਿਲ ਦੇ ਮੈਂਬਰ ਅਬਦੁਲ ਗੱਫਾਰ ਖਾਨ ਅਹਮਦਾਨੀ ਨੇ ਕਿਹਾ ਕਿ ਇਸ ਕਦਮ ਨਾਲ ਆਦਿਵਾਸੀ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿਚ ਦਾਖ਼ਲੇ ਦਾ ਮੌਕਾ ਮਿਲੇਗਾ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਾਉਂਸਿਲ ਦੇ ਪ੍ਰਧਾਨ ਸਰਦਾਰ ਅਬਦੁਲ ਕਾਦਿਰ ਖੋਸਾ ਨੇ ਕਿਹਾ ਕਿ ਮੈਬਰਾਂ ਦੁਆਰਾ ਚੁੱਕੀਆਂ ਗਈਆਂ ਸਮੱਸਿਆਵਾਂ ਦਾ ਤਤਕਾਲ ਪ੍ਰਭਾਵ ਨਾਲ ਹੱਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ।