
ਕਰਾਚੀ, 5 ਜਨਵਰੀ: ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਰਕਰ ਜ਼ਿਲ੍ਹੇ ਵਿਚ ਅੱਜ ਮੋਟਰਸਾਈਕਲ 'ਤੇ ਆਏ ਲੁਟੇਰਿਆਂ ਨੇ ਦੋ ਹਿੰਦੂ ਭਰਾਵਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਇਹ ਦੋਵੇਂ ਭਰਾ ਅਪਣੀ ਦੁਕਾਨ ਵਿਚ ਬੈਠੇ ਹੋਏ ਸਨ। ਇਸ ਘਟਨਾ ਦੇ ਬਾਅਦ ਦੇਸ਼ ਦੇ ਘੱਟ ਗਿਣਤੀ ਤਬਕੇ ਦੇ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ। ਇਕ ਅਖ਼ਬਾਰ ਮੁਤਾਬਕ ਪੀੜਤਾਂ ਦੀ ਪਛਾਣ ਦਿਲੀਪ ਕੁਮਾਰ ਅਤੇ ਚੰਦਰ ਮਹੇਸ਼ਵਰੀ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਭਰਾ ਅਨਾਜ ਵਪਾਰੀ ਸਨ। ਘਟਨਾ ਸਮੇਂ ਉਹ ਜ਼ਿਲ੍ਹੇ ਦੇ ਮੀਠੀ ਇਲਾਕੇ ਦੀ ਮੰਡੀ ਵਿਚ ਅਪਣੀ ਦੁਕਾਨ ਖੋਲ੍ਹ ਰਹੇ ਸਨ। ਪੁਲਿਸ ਮੁਤਾਬਕ ਸ਼ਹਿਰ ਵਿਚ ਲੁੱਟ ਦੀ ਇਸ ਪਹਿਲੀ ਘਟਨਾ ਵਿਚ ਮੋਟਰਸਾਈਕਲ 'ਤੇ ਆਏ ਲੁਟੇਰਿਆਂ ਨੇ ਦੋਵਾਂ ਭਰਾਵਾਂ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ। (ਏਜੰਸੀ)
ਖ਼ਬਰ ਮੁਤਾਬਕ ਘਟਨਾ ਦੇ ਬਾਅਦ ਵਿਰੋਧ ਪ੍ਰਦਰਸ਼ਨ ਦੇ ਰੂਪ ਵਿਚ ਕਾਰੋਬਾਰੀਆਂ ਨੇ ਜ਼ਿਲ੍ਹੇ ਦੇ ਹਿੰਦੂ ਬਹੁ-ਗਿਣਤੀ ਇਲਾਕਿਆਂ ਵਿਚ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਅਤੇ ਲੋਕਾਂ ਨੇ ਮੁੱਖ ਸੜਕਾਂ 'ਤੇ ਧਰਨੇ 'ਤੇ ਬੈਠ ਕੇ ਆਵਾਜਾਈ ਠੱਪ ਕਰ ਦਿਤੀ। ਖ਼ਬਰ ਮੁਤਾਬਕ ਸਿੰਧ ਦੇ ਗ੍ਰਹਿ ਮੰਤਰੀ ਸੋਹੈਲ ਅਨਵਰ ਸਿਆਲ ਨੇ ਉਮਰਕੋਟ ਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਹਤਿਆਵਾਂ ਦੀ ਜਾਂਚ ਦੇ ਆਦੇਸ਼ ਦਿਤੇ ਹਨ। (ਪੀ.ਟੀ.ਆਈ)