
ਇਸਲਾਮਾਬਾਦ : ਪਾਕਿਸਤਾਨ ਅਤੇ ਪਾਕਿਸਤਾਨੀ ਆਗੂਆਂ ਦੀ ਜਿਥੇ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਫ਼ਜੀਹਤ ਹੁੰਦੀ ਆ ਰਹੀ ਹੈ ਉਥੇ ਹੀ ਉਨ੍ਹਾਂ ਆਗੂਆਂ ਦੇ ਅਪਣੇ ਘਰ ਵਿਚ ਵੀ ਛਿੱਤਰ ਪੈਣ ਲਗ ਗਏ ਹਨ। ਪਾਕਿਸਤਾਨ ਦਾ ਅਵਾਮ ਅਪਣੇ ਆਗੂਆਂ ਤੋਂ ਇੰਨਾ ਅੱਕ ਗਿਆ ਹੈ ਕਿ ਉਹ ਸਾਹਮਣੇ ਆ ਕੇ ਆਗੂਆਂ ਦੇ ਗਲ 'ਚ ਹੱਥ ਪਾ ਕੇ ਸਵਾਲ ਪੁਛਣ ਲੱਗ ਪਿਆ ਹੈ। ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਫ਼ ਨਾਲ ਲੋਕਾਂ ਨੇ ਚੰਗੀ ਕੁੱਤੇ-ਖਾਣੀ ਕੀਤੀ ਤੇ ਤਾਜ਼ਾ ਮਾਮਲਾ ਸਾਬਕਾ ਕ੍ਰਿਕਟਰ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਚੀਫ ਇਮਰਾਨ ਖਾਨ ਨਾਲ ਵਾਪਰਿਆ।
ਇਮਰਾਨ ਖ਼ਾਨ ਉਤੇ ਮੰਗਲਵਾਰ ਨੂੰ ਇਕ ਵਿਅਕਤੀ ਨੇ ਜੁੱਤਾ ਮਾਰਿਆ। ਘਟਨਾ ਉਸ ਸਮੇਂ ਹੋਈ ਜਦੋਂ ਉਹ ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਗੁਜਰਾਤ ਸ਼ਹਿਰ ਵਿਚ ਰੈਲੀ ਕਰ ਰਹੇ ਸਨ। ਦਸ ਦੇਈਏ ਕਿ ਐਤਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਤੇ ਜੁੱਤਾ ਤੇ ਸਨਿਚਰਵਾਰ ਨੂੰ ਵਿਦੇਸ਼ ਮੰਤਰੀ ਖ਼ਵਾਜ਼ਾ ਮੁਹੰਮਦ ਆਸਫ਼ ਉਤੇ ਸਿਆਹੀ ਸੁਟੀ ਗਈ ਸੀ।
ਪਾਕਿਸਤਾਨੀ ਮੀਡੀਆ ਅਨੁਸਾਰ ਇਮਰਾਨ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ, ਉਸ ਸਮੇਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਜੁੱਤਾ ਮਾਰਿਆ ਹਾਲਾਂਕਿ ਜੁੱਤਾ ਇਮਰਾਨ ਨੂੰ ਨਹੀਂ ਲਗਿਆ ਪਰ ਪੀਟੀਆਈ ਨੇਤਾ ਅਲੀਮ ਖ਼ਾਨ ਦੇ ਜਾ ਵਜਿਆ ਜੋ ਇਮਰਾਨ ਦੇ ਕੋਲ ਹੀ ਖੜਾ ਸੀ। ਉਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਆਰੋਪੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਇਸ ਘਟਨਾ ਤੋਂ ਬਾਅਦ ਇਮਰਾਨ ਨੇ ਅਪਣੀ ਰੈਲੀ ਰੋਕ ਦਿਤੀ।
ਕੌਣ ਹਨ ਇਮਰਾਨ ਖ਼ਾਨ ?
ਪਾਕਿਸਤਾਨ ਕ੍ਰਿਕਟ ਟੀਮ ਵਲੋਂ 88 ਟੈਸਟ ਅਤੇ 175 ਵਨ ਡੇ ਮੈਚ ਖੇਡਣ ਵਾਲੇ ਇਮਰਾਨ ਖ਼ਾਨ ਚੰਗੇ ਆਲ-ਰਾਊਂਡਰ ਸਨ। ਪਾਕਿਸਤਾਨ ਨੇ 1992 ਵਿਚ ਇਮਰਾਨ ਦੇ ਅਗਵਾਈ ਵਿਸ਼ਵ ਕੱਪ ਵੀ ਜਿੱਤਿਆ ਸੀ। 1996 ਵਿਚ ਇਮਰਾਨ ਨੇ ਤਹਿਰੀਕ-ਏ-ਇਨਸਾਫ਼ ਪਾਰਟੀ ਨਾਮ ਦੀ ਸਿਆਸੀ ਪਾਰਟੀ ਬਣਾਈ।