
ਮਨੀਲਾ : ਦੱਖਣੀ ਫਿਲੀਪੀਨਜ਼ 'ਚ ਤਪਤ-ਖੰਡੀ ਤੁਫ਼ਾਨ ਟਿੰਬਿਨ ਆਉਣ ਤੋਂ ਬਾਅਦ ਜ਼ਮੀਨ ਖਿਸਕਣ ਤੇ ਅਚਾਨਕ ਆਏ ਹੜ ਕਾਰਨ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਲੋਕ ਲਾਪਤਾ ਹਨ। ਇਹ ਕੁਦਰਤੀ ਆਫ਼ਤ ਫਿਲੀਪੀਨਜ਼ ਦੇ ਦੂਜੇ ਵੱਡੇ ਟਾਪੂ ਮਿਨਡਾਨਾਓ 'ਚ ਆਈ ਹੈ।
ਜ਼ਮੀਨ ਖਿਸਕਣ ਕਾਰਨ ਜਿੱਥੇ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50,000 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ । ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਫਿਲੀਪੀਨਜ਼ ਦੇ ਵਾਤਾਵਰਣ ਅਤੇ ਐਸਟਰੋਨਾਮਿਕਲ ਸਰਵਿਸ ਐਡਮੀਨੀਸਟਰੇਸ਼ਨ ( ਪੇਗਾਸਾ ) ਨੇ ਕਿਹਾ ਕਿ ਟਿੰਬਿਨ ਸ਼ੁੱਕਰਵਾਰ ਨੂੰ ਲਗਭਗ 1.25 ਵਜੇ ਤੜਕੇ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਮੈਦਾਨੀ ਇਲਾਕੇ ਵਿੱਚ ਪਹੁੰਚਿਆ।
ਤੂਫਾਨ ਤੇਜ ਰਫਤਾਰ ਨਾਲ ਪੱਛਮ ਵੱਲ ਵੱਧ ਰਿਹਾ ਅਤੇ 400 ਕਿਲੋਮੀਟਰ ਤੱਕ ਹੋਈ ਭਾਰੀ ਬਾਰਿਸ਼ ਨਾਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਆਈਲੈਂਡ ਪੂਰੀ ਤਰ੍ਹਾਂ ਨਾਲ ਡੁੱਬਿਆ ਹੋਇਆ ਹੈ ।