
ਲੈਸਟਰ, 11 ਸਤੰਬਰ
(ਹਰਜੀਤ ਸਿੰਘ ਵਿਰਕ) : ਪੰਜਾਬੀ ਦੇ ਪ੍ਰਸਿੱਧ ਤੇ ਵਿਦਵਾਨ ਲਿਖਾਰੀ ਪ੍ਰੋ. ਸ਼ਿੰਗਾਰਾ
ਸਿੰਘ ਢਿੱਲੋਂ ਦੀ ਲੈਸਟਰ ਦੇ ਪੰਜਾਬੀ ਭਾਈਚਾਰੇ ਬਾਰੇ ਖੋਜ ਪੁਸਤਕ 'ਲੈਸ਼ਟਰ 'ਚ ਪੰਜਾਬੀਆਂ
ਦੇ 66 ਸਾਲ ਇਕ ਸਮਾਜਕ ਅਧਿਐਨ' 24 ਸਤੰਬਰ ਨੂੰ ਸਥਾਨਕ ਨਿਊ ਵਾਕ ਮਿਊਜ਼ੀਅਮ ਐਂਡ ਆਰਟ
ਗੈਲਰੀ ਦੇ ਵਿਕਟੋਰੀਅਨ ਹਾਲ ਵਿਚ ਲੈਸਟਰ ਦੇ ਸਮੂਹ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਲੋਕ
ਅਰਪਤ ਕੀਤੀ ਜਾਵੇਗੀ।
ਇਸ ਸਬੰਧੀ ਗੱਲਬਾਤ ਦੌਰਾਨ ਪ੍ਰੋ. ਢਿੱਲੋਂ ਨੇ ਦਸਿਆ ਕਿ
ਉਨ੍ਹਾਂ ਦੀ ਇਹ ਖੋਜ ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਹੈ ਜੋ ਲਗਭਗ ਚਾਰ ਸਾਲ ਦੇ ਲੰਮੇ ਅਰਸੇ
ਵਿਚ ਪੂਰੀ ਹੋਈ ਹੈ। ਇਹ ਇਕ ਬਹੁਪੱਖੀ ਖੋਜ ਹੈ, ਜੋ ਸਮਾਜ ਵਿਗਿਆਨਕ ਵਿਸ਼ੇ ਵਜ੍ਹੋਂ ਕੀਤੀ
ਗਈ ਹੈ ਅਤੇ ਜਿਸ 'ਚ ਪੰਜਾਬੀਆਂ ਦੇ ਪ੍ਰਵਾਸੀ ਹੋਣ ਦੇ ਕਾਰਨਾਂ ਤੋਂ ਲੈ ਕੇ ਉਨ੍ਹਾਂ ਵਲੋਂ
ਵਿਦੇਸ਼ਾਂ ਵਿਚ ਸਥਾਪਤ ਹੋ ਕੇ ਮਾਰੇ ਗਏ ਮੁਆਰਕਿਆਂ ਦਾ ਤੱਥਾ ਸਹਿਤ ਵੇਰਵਾ ਦਰਜ ਹੈ ।
ਉਨ੍ਹਾਂ
ਦਸਿਆ ਕਿ ਇਹ ਪੁਸਤਕ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ ਜੋ ਇਕ ਇਤਿਹਾਸਕ ਦਸਤਾਵੇਜ਼
ਵਜੋਂ ਹੁਣ ਦੀਆਂ ਤੇ ਅਗਲੀਆਂ ਪੀੜ੍ਹੀਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਵਿਚ ਅਹਿਮ ਯੋਗਦਾਨ
ਪਾਏਗੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਵਿਚ ਇਹ ਅਪਣੀ ਪ੍ਰਕਾਰ ਦੀ ਇਕ ਨਿਵੇਕਲੀ
ਪੁਸਤਕ ਹੈ, ਜੋ ਲੈਸਟਰ ਦੇ ਪੰਜਾਬੀ ਭਾਈਚਾਰੇ ਬਾਰੇ ਪਹਿਲੀ ਵਾਰ ਡੂੰਘੀ ਖੋਜ ਤੋਂ ਬਾਅਦ
ਕਈ ਨਵੇ ਤੱਥਮੂਲਕ ਖੁਲਾਸੇ ਪੇਸ਼ ਕਰੇਗੀ।
ਜ਼ਿਕਰਯੋਗ ਹੈ ਕਿ ਪ੍ਰੋ. ਢਿੱਲੋਂ ਦੀ ਪੰਜਾਬ
ਬਾਰੇ ਲਿਖੀ ਗਈ 'ਰੰਗਲਾ ਪੰਜਾਬ ਕਿ ਕੰਗਲਾ ਪੰਜਾਬ' ਪਿਛਲੇ ਸਾਲਾਂ ਦੀ ਬਹੁਚਰਚਿਤ ਪੁਸਤਕ
ਰਹੀ ਹੈ, ਜਿਸ ਦੀਆਂ ਦੋ ਅਡੀਸ਼ਨਾਂ ਵਿਚ ਹੁਣ ਤਕ ਹਜ਼ਾਰਾਂ ਕਾਪੀਆਂ ਵਿਕ ਚੁਕੀਆਂ ਹਨ ਅਤੇ
ਬ੍ਰਿਟਿਸ਼ ਲਾਇਬਰੇਰੀ ਦੇ ਕੈਟਾਲਾਗ ਵਿਚ ਪੰਜਾਬੀ ਦੀ ਪਹਿਲੀ ਪੁਸਤਕ ਵਜੋਂ ਪ੍ਰਵਾਨ ਕੀਤੀ
ਗਈ ਹੈ। ਉਨ੍ਹਾਂ ਇਸ ਮੌਕੇ ਲੈਸਟਰ ਦੇ ਸਮੂਹ ਪੰਜਾਬੀਆਂ ਨੂੰ ਲੋਕ ਅਰਪਣ ਸਮਾਗਮ ਵਿਚ
ਹਿੱਸਾ ਲੈਣ ਦੀ ਜੋਰਦਾਰ ਅਪੀਲ ਕੀਤੀ ਹੈ।