
ਉਘੇ ਰੌਕ ਐਂਡ ਰੋਲ ਹਾਲ ਆਫ ਫੇਮ ਦੇ ਗਾਇਕ ਟੌਮ ਪੈਟੀ (66) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਉਸ ਦੇ ਮੈਨੇਜਰ ਨੇ ਗਾਇਕ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੈਟੀ ਨੂੰ ਕੱਲ੍ਹ ਸਵੇਰੇ ਮਲਿਬੂ ਵਾਲੇ ਘਰ ਵਿੱਚ ਦੌਰਾ ਪਿਆ, ਜਿਸ ਪਿੱਛੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਅੱਠ ਵਜ ਕੇ 40 ਮਿੰਟਾਂ ‘ਤੇ ਆਖਰੀ ਸਾਹ ਲਏ। ਟੌਮ ਪੈਟੀ ਦਾ ਜਨਮ 20 ਅਕਤੂਬਰ 1950 ਵਿੱਚ ਗੇਨਜ਼ਵਿਲੇ, ਫੋਲਰਿਡਾ ਵਿੱਚ ਹੋਇਆ ਸੀ।
ਉਹ ਜਦੋਂ 10 ਸਾਲ ਦੀ ਉਮਰ ‘ਚ ਐਲਵਿਸ ਪ੍ਰੈਸਲੇ ਨਾਲ ਮਿਲੇ ਤਾਂ ਉਹ ਸੰਗੀਤ ਦੇ ਦੀਵਾਨੇ ਹੋ ਗਏ ਸਨ। ਉਨ੍ਹਾਂ ਜਦੋਂ 1964 ‘ਚ ਐਡ ਸੁਲੀਵੈਨ ਸ਼ੋਅ ਦੌਰਾਨ ਬੀਟਲਜ਼ ਨੂੰ ਦੇਖਿਆ ਤਾਂ ਤੈਅ ਕਰ ਲਿਆ ਸੀ ਕਿ ਉਹ ਆਪਣਾ ਬੈਂਡ ਬਣਾਉਣਗੇ। ਪੈਟੀ ਨੇ ਪਹਿਲਾ ਬੈਂਡ ਮਡਕਰੱਚ 20 ਸਾਲ ਦੀ ਉਮਰ ਵਿੱਚ ਬਣਾਇਆ ਸੀ।
1975 ਵਿੱਚ ਜਦੋਂ ਬੈਂਡ ਭੰਗ ਹੋ ਗਿਆ ਤਾਂ ਉਨ੍ਹਾਂ ਮਾਈਕ ਕੈਂਪਬੈਲ, ਬੇਨਮੋਟ ਟੈਂਟ, ਰੋਨ ਬਲੇਅਰ ਅਤੇ ਸਟੈਨ ਲਿੰਚ ਨਾਲ ਮਿਲ ਕੇ ‘ਹਾਰਟਬਰੇਕਰਜ਼’ ਗਰੁੱਪ ਬਣਾਇਆ। ਉਨ੍ਹਾਂ ਬੌਬ ਡਾਈਲਾਨ ਵਰਗੇ ਮਹਾਨ ਕਲਾਕਾਰਾਂ ਨਾਲ ਵੀ ਕੰਮ ਕੀਤਾ। ਉਨ੍ਹਾਂ ਦੀ ਮੌਤ ‘ਤੇ ਡਾਈਲਾਨ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਕ ਚੰਗਾ ਕਲਾਕਾਰ ਦੁਨੀਆ ਤੋਂ ਵਿਦਾ ਹੋ ਗਿਆ ਹੈ। ਜੌਹਨ ਮੇਅਰ, ਸ਼ੇਰਿਲ ਕ੍ਰੋਅ, ਪੌਲ ਸਟੇਨਲੇਅ, ਰਿੰਗੋ ਸਟਾਰ, ਪੌਲ ਮੈਕਕਾਰਟਨੀ ਸਟੀਫਨ ਕਿੰਗ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।