
ਬੱਸ ’ਚ ਸਵਾਰ 54 ਯਾਤਰੀਆਂ ’ਚ ਜ਼ਿਆਦਾਤਰ ਭਾਰਤੀ ਅਤੇ ਚੀਨੀ ਸਨ ਸ਼ਾਮਲ
New York : ਨਿਊਯਾਰਕ ’ਚ ਸ਼ੁੱਕਰਵਾਰ ਨੂੰ ਨਿਆਗਰਾ ਫਾਲਸ ਤੋਂ ਨਿਊਯਾਰਕ ਸ਼ਹਿਰ ਜਾ ਰਹੀ ਇੱਕ ਟੂਰਿਸਟ ਬੱਸ ਪਲਟ ਗਈ ਅਤੇ ਇਸੇ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਨਿਊਯਾਰਕ ਸਟੇਟ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਸੀ ਜਿਸ ਕਾਰਨ ਬੱਸ ਪਲਟ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਹੋਇਆ। ਬੱਸ ਵਿੱਚ 54 ਯਾਤਰੀ ਸਵਾਰ ਸਨ ਅਤੇ ਜ਼ਿਆਦਾਤਰ ਯਾਤਰੀਆਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਜਿਸ ਕਾਰਨ ਹਾਦਸੇ ਸਮੇਂ ਖਿੜਕੀਆਂ ਟੁੱਟਣ ਕਾਰਨ ਕਈ ਯਾਤਰੀ ਬੱਸ ਵਿੱਚੋਂ ਬਾਹਰ ਡਿੱਗ ਪਏ।
ਨਿਊਯਾਰਕ ਸਟੇਟ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬੱਸ ਵਿੱਚ ਬੱਚਿਆਂ ਸਮੇਤ ਅਤੇ ਜ਼ਿਆਦਾਤਰ ਯਾਤਰੀ ਭਾਰਤੀ, ਚੀਨੀ ਅਤੇ ਫਿਲੀਪੀਨਜ ਮੂਲ ਦੇ ਸਨ। ਜ਼ਖਮੀਆਂ ਨੂੰ ਹੈਲੀਕਾਪਟਰਾਂ ਅਤੇ ਐਂਬੂਲੈਂਸਾਂ ਰਾਹੀਂ ਬਫੇਲੋ ਦੇ ਏਰੀ ਕਾਉਂਟੀ ਮੈਡੀਕਲ ਸੈਂਟਰ ਸਮੇਤ ਖੇਤਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।